ਏ ਆਈ ਖੇਤੀ ’ਚ ਕ੍ਰਾਂਤੀ ਲਿਆਏਗੀ: ਗਡਕਰੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਸਨੂਈ ਬੌਧਿਕਤਾ (ਏ ਆਈ) ਖੇਤੀ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਨਾਲ ਹੀ ਕਿਸਾਨਾਂ ਦੀ ਸਥਿਤੀ ਸੁਧਾਰਨ ਵਿੱਚ ਵੀ ਮਦਦ ਕਰੇਗੀ। ਗਡਕਰੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਬਾਰਾਮਤੀ ਦੇ ਖੇਤੀ ਵਿਗਿਆਨ ਕੇਂਦਰ ਜ਼ਰੂਰ ਜਾਓ ਅਤੇ ਉੱਥੇ ਆਪਣਾਈਆਂ ਜਾ ਰਹੀਆਂ ਨਵੀਆਂ ਤਕਨੀਆਂ ਨੂੰ ਦੇਖੋ। ਮਸਨੂਈ ਬੌਧਿਕਤਾ (ਏ ਆਈ) ਨਿਸ਼ਚਿਤ ਤੌਰ ’ਤੇ ਕਿਸਾਨਾਂ ਲਈ ਮਦਦਗਾਰ ਸਾਬਤ ਹੋਵੇਗੀ। ਮੇਰਾ ਮੰਨਣਾ ਹੈ ਕਿ ਮਸਨੂਈ ਬੌਧਿਕਤਾ ਖੇਤੀ ਖੇਤਰ ਵਿੱਚ ਕ੍ਰਾਂਤੀ ਲਿਆਏਗੀ।’’ ਕੇਂਦਰੀ ਮੰਤਰੀ ਨੇ ਈਥਾਨੋਲ ਉਤਪਾਦਨ ਬਾਰੇ ਕਿਹਾ ਕਿ ਦੇਸ਼ ਵਿੱਚ 350-400 ਫੈਕਟਰੀਆਂ ਈਥਾਨੋਲ ਦਾ ਉਤਪਾਦਨ ਕਰਦੀਆਂ ਹਨ ਅਤੇ ਕਿਸਾਨਾਂ ਨੂੰ ਇਸ ਤੋਂ ਕਾਫੀ ਲਾਭ ਹੋਇਆ ਹੈ। ਗਡਕਰੀ ਨੇ ਕਿਹਾ, ‘‘ਮੱਕੀ ਤੋਂ ਬਣੇ ਈਥਾਨੋਲ ਨਾਲ ਕਿਸਾਨਾਂ ਨੂੰ 45,000 ਕਰੋੜ ਰੁਪਏ ਦੀ ਕਮਾਈ ਹੋਈ ਹੈ। ਪਹਿਲਾਂ ਮੱਕੀ ਦਾ ਮੁੱਲ 1200 ਰੁਪਏ ਪ੍ਰਤੀ ਕੁਇੰਟਲ ਸੀ, ਜੋ ਹੁਣ ਵਧ ਕੇ 2800 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਮੱਕੀ ਦੀ ਖੇਤੀ ਦਾ ਰਕਬਾ ਤਿੰਨ ਗੁਣਾ ਵਧ ਗਿਆ ਹੈ। ਜਿਹੜੇ ਲੋਕ ਇਸ ਦਾ ਵਿਰੋਧ ਕਰਨਾ ਚਾਹੁੰਦੇ ਹਨ, ਮੈਂ ਉਨ੍ਹਾਂ ਦੀ ਪਰਵਾਹ ਨਹੀਂ ਕਰਾਂਗਾ। ਮੇਰਾ ਰਸਤਾ ਸਾਫ਼ ਹੈ।’’ ਉਨ੍ਹਾਂ ਅੱਗੇ ਈਥਾਨੋਲ ਈਂਧਣ ਤਕਨਾਲੋਜੀ ਲਈ ਹੋ ਰਹੀਆਂ ਆਲੋਚਨਾਵਾਂ ਨੂੰ ਮੁੱਢੋਂ ਖਾਰਜ ਕਰਦੇ ਹੋਏ ਕਿਹਾ ਜਿਹੜੇ ਲੋਕ ਹੁਣ ਤੱਕ ਇਸ ਕਦਮ ਦਾ ਵਿਰੋਧ ਕਰ ਰਹੇ ਹਨ, ਉਸ ਲਈ ਵੱਖ-ਵੱਖ ਕਾਰਨ ਹਨ।