ਪ੍ਰਧਾਨ ਮੰਤਰੀ ਮੋਦੀ ਅਤੇ ਮੇਲੋਨੀ ਦੀ ਏਆਈ ਰਾਹੀਂ ਤਿਆਰ ਕੀਤੀ ਇਤਰਾਜ਼ਯੋਗ ਵੀਡੀਓ, ਗ੍ਰਿਫਤਾਰ
ਮਸਨੂਈ ਬੌਧਿਕਤਾ(Artificial intelligence) ਦੇ ਆਉਣ ਨਾਲ ਡਿਜੀਟਲ ਖੇਤਰ ਵਿੱਚ ਭਾਵੇਂ ਇਨਕਲਾਬ ਆ ਗਿਆ ਹੈ, ਪਰ ਕੁੱਝ ਲੋਕ ਇਸ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਕਰ ਰਹੇ ਹਨ। ਬੀਤੇ ਲੰਮੇਂ ਸਮੇਂ ਤੋਂ ਲੋਕ ਹੀਰੋ ਅਤੇ ਹੀਰੋਇਨ ਦੀਆਂ ਤਸਵੀਰਾਂ ਨੂੰ ਇਤਰਾਜ਼ਯੋਗ ਤਰੀਕਿਆਂ ਨਾਲ ਏਆਈ ਰਾਹੀਂ ਤਿਆਰ ਕਰਕੇ ਸ਼ੇਅਰ ਕਰਦੇ ਆ ਰਹੇ ਹਨ। ਇਹ ਵਰਤਾਰਾ ਸੋਸ਼ਲ ਮੀਡੀਆ ’ਤੇ ਆਮ ਦੇਖਿਆ ਜਾ ਸਕਦਾ ਹੈ।
ਏਆਈ ਦੀ ਵਰਤੋਂ ਵਿਚ ਇੱਕ ਵਿਅਕਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ਵੀ ਨਹੀਂ ਬਖਸ਼ਿਆ, ਉਸ ਨੇ ਦੋਹਾਂ ਦੀ ਇਤਰਾਜ਼ਯੋਗ ਵੀਡੀਓ ਆਪਣੇ ਫੇਸਬੁੱਕ ਹੈਂਡਲ ’ਤੇ ਸ਼ੇਅਰ ਕਰ ਦਿੱਤੀ ਜੋ ਕਿ ਏਆਈ ਰਾਹੀਂ ਤਿਆਰ ਕੀਤੀ ਗਈ ਹੈ।
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਏਆਈ ਰਾਹੀਂ ਤਿਆਰ ਕੀਤੀ ਗ਼ੈਰਵਾਜਬ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇੱਕ ਪੁਲੀਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਪੁਲੀਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਬਛਰਾਵਾਂ ਥਾਣਾ ਦੀ ਹੱਦ ਦੇ ਅਧੀਨ ਪੈਂਦੇ ਪਿੰਡ ਬੰਨਾਵਾ ਦੇ ਰਹਿਣ ਵਾਲੇ ਦੁਰਗੇਸ਼ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਰਾਏਬਰੇਲੀ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੁਰਗੇਸ਼ ਕੁਮਾਰ ਨੇ ਏਆਈ ਨਾਲ ਤਿਆਰ ਕੀਤੀ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤਾ ਸੀ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਦਿੱਲੀ ਹਾਈਕੋਰਟ ਵਿੱਚ ਏਆਈ ਰਾਹੀਂ ਤਿਆਰ ਕੀਤੇ ਜਾ ਰਹੀ ਸਮੱਗਰੀ ਬਾਰੇ ਪਟੀਸ਼ਨ ਪਾਈ ਹੈ।
ਇਹ ਵੀ ਪੜ੍ਹੋ:
ਐਸ਼ਵਰਿਆ ਰਾਏ ਨੇ ਏਆਈ ਰਾਹੀਂ ਤਿਆਰ ਕੀਤੀ ਪੋਰਨੋਗ੍ਰਾਫੀ ਖ਼ਿਲਾਫ਼ ਅਦਾਲਤ ਤੋਂ ਸੁਰੱਖਿਆ ਮੰਗੀ