AI crash ਏਏਆਈਬੀ ਦੀ ਮੁੱਢਲੀ ਰਿਪੋਰਟ ਦੇ ਕੁਝ ਪਹਿਲੂ ‘ਗੈਰਜ਼ਿੰਮੇਵਾਰਾਨਾ’: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ 12 ਜੂਨ ਨੂੰ ਏਅਰ ਇੰਡੀਆ ਜਹਾਜ਼ ਹਾਦਸੇ ਬਾਰੇ ਏਏਆਈਬੀ ਦੀ ਮੁੱਢਲੀ ਰਿਪੋਰਟ ਦੇ ਕੁਝ ਪਹਿਲੂ, ਜਿਨ੍ਹਾਂ ਵਿਚ ਪਾਇਲਟਾਂ ਵੱਲੋਂ ਅਣਗਹਿਲੀ ਵਰਤਣ ਵੱਲ ਇਸ਼ਾਰਾ ਕੀਤਾ ਗਿਆ ਸੀ, ‘ਗ਼ੈਰਜ਼ਿੰਮੇਵਾਰਾਨਾ’ ਸਨ। ਕੋਰਟ ਨੇ ਸੁਤੰਤਰ, ਨਿਰਪੱਖ ਤੇ ਛੇਤੀ ਜਾਂਚ ਦੀ ਮੰਗ ਵਾਲੀ ਪਟੀਸ਼ਨ ’ਤੇ ਕੇਂਦਰ ਤੇ ਸ਼ਹਿਰੀ ਹਵਾਬਾਜ਼ੀ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕੀਤਾ ਹੈ।
ਜਸਟਿਸ ਸੂਰਿਆ ਕਾਂਤ ਤੇ ਜਸਟਿਸ ਐੱਨ.ਕੋਟੀਸ਼ਵਰ ਸਿੰਘ ਦੇ ਬੈਂਚ ਨੇ ਏਏਆਈਬੀ ਵੱਲੋਂ 12 ਜੁਲਾਈ ਨੂੰ ਜਾਰੀ ਮੁੱਢਲੀ ਰਿਪੋਰਟ ਦੇ ਕੁਝ ਪਹਿਲੂਆਂ ਦਾ ਨੋਟਿਸ ਲਿਆ ਹੈ। ਐੱਨਜੀਓ ‘ਸੇਫਟੀ ਮੈਟਰਜ਼ ਫਾਊਂਡੇਸ਼ਨ’ ਵੱਲੋਂ ਪੇਸ਼ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਦਾਅਵਾ ਕੀਤਾ ਕਿ ਹਾਦਸੇ ਮਗਰੋਂ ਬਣਾਈ ਜਾਂਚ ਕਮੇਟੀ ਵਿਚ ਹਵਾਬਾਜ਼ੀ ਰੈਗੂਲੇਟਰ ਦੇ ਤਿੰਨ ਮੈਂਬਰ ਸ਼ਾਮਲ ਸਨ ਤੇ ਇਸ ਵਿਚ ਹਿੱਤਾਂ ਦੇ ਟਕਰਾਅ ਦਾ ਮਸਲਾ ਸ਼ਾਮਲ ਹੋ ਸਕਦਾ ਹੈ। ਭੂਸ਼ਣ ਨੇ ਮੰਗ ਕੀਤੀ ਕਿ ਹਾਦਸੇ ਦੇ ਅਸਲ ਕਾਰਨਾਂ ਤੋਂ ਪਰਦਾ ਹਟਾਉਣ ਲਈ ਜਹਾਜ਼ ਦੇ ਫਲਾਈਟ ਡੇਟਾ ਰਿਕਾਰਡਰ ਵਿਚਲੀ ਜਾਣਕਾਰੀ ਰਿਲੀਜ਼ ਕੀਤੀ ਜਾਵੇ।
ਹਾਦਸੇ ਬਾਰੇ ਅੰਤਿਮ ਰਿਪੋਰਟ ਦੀ ਵਕਾਲਤ ਕਰਨ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿਚ ਨਿੱਜਤਾ ਤੇ ਗੌਰਵ ਦੇ ਪਹਿਲੂਆਂ ਦਾ ਮੁੱਦਾ ਸ਼ਾਮਲ ਹੈ। ਇਸ ਤਰ੍ਹਾਂ ਦੀ ਵਿਸ਼ੇਸ਼ ਜਾਣਕਾਰੀ ਜਾਰੀ ਕਰਨ ਦਾ ਰਵਾਇਤੀ ਵਿਰੋਧੀ ਏਅਰਲਾਈਨਾਂ ਲਾਹਾ ਲੈ ਸਕਦੀਆਂ ਹਨ। ਬੈਂਚ ਨੇ ਕਿਹਾ ਕਿ ਉਹ ਹਾਦਸੇ ਦੀ ਸੁਤੰਤਰ, ਨਿਰਪੱਖ ਤੇ ਛੇਤੀ ਜਾਂਚ ਦੇ ਸੀਮਤ ਪਹਿਲੂਆਂ ਬਾਰੇ ਹੀ ਨੋਟਿਸ ਜਾਰੀ ਕਰ ਰਹੀ ਹੈ।
ਕੈਪਟਨ ਅਮਿਤ ਸਿੰਘ (FRAeS) ਦੀ ਅਗਵਾਈ ਵਾਲੀ ਹਵਾਬਾਜ਼ੀ ਸੁਰੱਖਿਆ ਬਾਰੇ ਐੱਨਜੀਓ ਵੱਲੋਂ ਦਾਇਰ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਧਿਕਾਰਤ ਜਾਂਚ ਜਿਊਣ, ਬਰਾਬਰੀ ਤੇ ਸਹੀ ਜਾਣਕਾਰੀ ਤੱਕ ਰਸਾਈ ਦੇ ਬੁਨਿਆਦੀ ਹੱਕਾਂ ਦਾ ਉਲੰਘਣ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ AAIB ਨੇ 12 ਜੁਲਾਈ ਨੂੰ ਆਪਣੀ ਮੁੱਢਲੀ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਹਾਦਸੇ ਦਾ ਕਾਰਨ ‘ਫਿਊਲ ਕੱਟਆਫ ਸਵਿੱਚਾਂ’ ਨੂੰ ‘ਰਨ’ ਤੋਂ ‘ਕਟਆਫ’ ਵਿੱਚ ਤਬਦੀਲ ਕਰਨ ਨੂੰ ਦੱਸਿਆ ਗਿਆ, ਜੋ ਕਿ ਪਾਇਲਟ ਦੀ ਗਲਤੀ ਦਾ ਸੰਕੇਤ ਹੈ।
ਚੇਤੇ ਰਹੇ ਕਿ 12 ਜੂਨ ਨੂੰ ਏਅਰ ਇੰਡੀਆ ਦਾ ਬੋਇੰਗ 787-8 ਜਹਾਜ਼, ਜੋ ਲੰਡਨ ਦੇ ਗੈਟਵਿਕ ਹਵਾਈ ਅੱਡੇ ਵੱਲ ਜਾ ਰਿਹਾ ਸੀ, ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਇੱਕ ਮੈਡੀਕਲ ਹੋਸਟਲ ਕੰਪਲੈਕਸ ਉੱਤੇ ਹਾਦਸਾਗ੍ਰਸਤ ਹੋ ਗਿਆ ਸੀ।
ਹਾਦਸੇ ਵਿਚ 265 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 241 ਯਾਤਰੀ ਅਤੇ ਚਾਲਕ ਦਲ ਸ਼ਾਮਲ ਸਨ। 241 ਮ੍ਰਿਤਕਾਂ ਵਿੱਚ 169 ਭਾਰਤੀ, 52 ਬ੍ਰਿਟਿਸ਼, ਸੱਤ ਪੁਰਤਗਾਲੀ ਨਾਗਰਿਕ, ਇੱਕ ਕੈਨੇਡੀਅਨ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਹਾਦਸੇ ਵਿਚ ਇੱਕੋ ਇੱਕ ਬਚਿਆ ਵਿਅਕਤੀ ਵਿਸ਼ਵਾਸ਼ ਕੁਮਾਰ ਰਮੇਸ਼ ਸੀ, ਜੋ ਕਿ ਇੱਕ ਬ੍ਰਿਟਿਸ਼ ਨਾਗਰਿਕ ਸੀ।