ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਮੋਗਾ ’ਚ ਕਿਸਾਨਾਂ ਨਾਲ ਖਾਧੀ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ
Punjab News: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਵਿਖੇ ਦੌਰੇ ’ਤੇ ਹਨ। ਇੱਥੇ ਉਨ੍ਹਾਂ ਨੇ ਜਨਤਕ ਭਾਗੀਦਾਰੀ ਅਤੇ ਖੇਤੀਬਾੜੀ ਨਵੀਨਤਾ, ਖਾਸ ਕਰਕੇ ਪਰਾਲੀ ਸਾੜਨ ਨੂੰ ਘਟਾਉਣ ਵਿੱਚ ਨਵੇਂ ਰਿਕਾਰਡ ਕਾਇਮ ਕਰਨ ਲਈ ਪੰਜਾਬ ਦੇ ਕਿਸਾਨ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ।
ਚੌਹਾਨ ਨੇ ਆਪਣੀ ਇੱਕ ਰੋਜ਼ਾ ਯਾਤਰਾ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਨ ਨਾਲ ਕੀਤੀ ਅਤੇ ਫਿਰ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਨਾਲ ਖੇਤੀ ਅਭਿਆਸਾਂ ਦੀ ਸਮੀਖਿਆ ਕਰਨ ਲਈ ਖੇਤਾਂ ਵੱਲ ਗਏ। ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਸਿੱਧੀ ਬਿਜਾਈ, ਖਾਦ ਦੀ ਘੱਟ ਵਰਤੋਂ ਅਤੇ ਪਰਾਲੀ ਪ੍ਰਬੰਧਨ ਦੇ ਉਨ੍ਹਾਂ ਦੇ ਤਰੀਕਿਆਂ ਨੂੰ ਸਮਝਿਆ।
ਪੰਜਾਬ ਨੂੰ ਸ਼ਾਨਦਾਰ ਦੱਸਦਿਆਂ ਚੌਹਾਨ ਨੇ ਕਿਹਾ, ‘‘ਇੱਥੋਂ ਦੀ ਪੰਚਾਇਤ ਵਿੱਚ ਜਨਤਕ ਭਾਗੀਦਾਰੀ ਦੇ ਨਵੇਂ ਰਿਕਾਰਡ ਬਣੇ ਹਨ... ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦੀ ਹਾਂ। ਸਾਨੂੰ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਘਰ ਆਏ ਹਾਂ।" ਦੌਰੇ ਦੌਰਾਨ ਮੰਤਰੀ ਨੇ ਪੰਚਾਇਤ ਮੈਂਬਰਾਂ ਅਤੇ ਵਸਨੀਕਾਂ ਦੇ ਨਾਲ ਮੰਜੇ 'ਤੇ ਬੈਠ ਕੇ ਪਿੰਡ ਵਾਸੀਆਂ ਨਾਲ ਰਵਾਇਤੀ ਪੰਜਾਬੀ ਭੋਜਨ ਸਾਂਝਾ ਕੀਤਾ। ਉਨ੍ਹਾਂ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਰਵਾਇਤੀ 'ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ' ਖਾਣ ਤੋਂ ਬਾਅਦ, ਮੇਰਾ ਦਿਲ ਖੁਸ਼ ਹੋ ਗਿਆ ਹੈ ਅਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ।’’
ਚੌਹਾਨ ਨੇ ਪਿੰਡ ਵੱਲੋਂ ਪਿਛਲੇ ਛੇ ਸਾਲਾਂ ਤੋਂ ਪਰਾਲੀ ਸਾੜਨ ਤੋਂ ਪੂਰੀ ਤਰ੍ਹਾਂ ਬਚਣ ਦੀ ਪ੍ਰਾਪਤੀ ਨੂੰ ਉਜਾਗਰ ਕੀਤਾ, ਜਿਸਦਾ ਸਿਹਰਾ ਉਨ੍ਹਾਂ ਨੇ ਮਿੱਟੀ ਦੀ ਸਿਹਤ ਦੀ ਰੱਖਿਆ ਕਰਨ ਅਤੇ ਪ੍ਰਦੂਸ਼ਣ ਘਟਾਉਣ ਲਈ ਕਿਸਾਨਾਂ ਨੂੰ ਦਿੱਤਾ। ਉਨ੍ਹਾਂ ਕਿਹਾ, ‘‘ਪਰਾਲੀ ਸਾੜਨ ਨਾਲ ਪੂਰੇ ਦੇਸ਼ ਵਿੱਚ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਪਰਾਲੀ ਸਾੜਨ ਨਾਲ ਅਸੀਂ ਮਿੱਟੀ ਵਿੱਚ ਜ਼ਰੂਰੀ ਸੂਖਮ ਜੀਵਾਂ ਨੂੰ ਵੀ ਮਾਰ ਦਿੰਦੇ ਹਾਂ ਅਤੇ ਪ੍ਰਦੂਸ਼ਣ ਵੱਧ ਜਾਂਦਾ ਹੈ।"
ਮੰਤਰੀ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੱਤਾ ਜਿਸ ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 83 ਫੀਸਦੀ ਗਿਰਾਵਟ ਦਰਸਾਈ ਗਈ ਹੈ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਸੂਬੇ ਦੀ ਮਿਸਾਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਸਥਾਨਕ ਕਿਸਾਨ ਗੋਪਾਲ ਸਿੰਘ ਨੇ ਚੌਹਾਨ ਨੂੰ ਦੱਸਿਆ ਕਿ ਪਿੰਡ ਨੇ ਝਾੜ ਨੂੰ ਪ੍ਰਭਾਵਿਤ ਕੀਤੇ ਬਿਨਾਂ ਆਪਣੀ ਖਾਦ ਦੀ ਵਰਤੋਂ ਵਿੱਚ ਕਾਫੀ ਕਮੀ ਕੀਤੀ ਹੈ।
