ਖੇਤਬਾੜੀ ਮੰਤਰੀ ਵੱਲੋਂ ਜੀਐਸਟੀ ਵਿੱਚ ਕਟੌਤੀ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ
ਜੀਐੱਸਟੀ ਦਰਾਂ ਵਿੱਚ ਫੇਰਬਦਲ ਐਲਾਨੇ ਜਾਣ ਤੋਂ ਬਾਅਦ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਰੈਕਟਰ ਅਤੇ ਖੇਤੀ ਉਪਕਰਨ
ਨਿਰਮਾਤਾਵਾਂ ਨੂੰ ਕਿਹਾ ਹੈ ਕਿ ਉਹ 22 ਸਤੰਬਰ ਤੋਂ ਜੀਐੱਸਟੀ ਕਟੌਤੀ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਵੱਖ-ਵੱਖ ਟਰੈਕਟਰ ਸ਼੍ਰੇਣੀਆਂ ਵਿੱਚ 23,000 ਰੁਪਏ ਤੋਂ 63,000 ਰੁਪਏ ਤੱਕ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਕਟੌਤੀ ਹੋਵੇਗੀ।
ਖੇਤੀ ਉਪਕਰਣ ਨਿਰਮਾਤਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਚੌਹਾਨ ਨੇ ਕਿਹਾ ਕਿ ਜੀਐੱਸਟੀ ਵਿੱਚ ਕਟੌਤੀ ਨਾਲ ਦੇਸ਼ ਭਰ ਦੇ ਕਸਟਮ ਹਾਇਰਿੰਗ ਸੈਂਟਰਾਂ 'ਤੇ ਖੇਤੀ ਮਸ਼ੀਨਰੀ ਸਸਤੀ ਹੋ ਜਾਵੇਗੀ ਅਤੇ ਇਸ ਦੇ ਅਨੁਸਾਰ ਕਿਰਾਇਆ ਵੀ ਘੱਟ ਹੋਣਾ ਚਾਹੀਦਾ ਹੈ। ਕਸਟਮ ਹਾਇਰਿੰਗ ਸੈਂਟਰਾਂ (CHC) ਦਾ ਮੁੱਖ ਉਦੇਸ਼ ਛੋਟੇ ਅਤੇ ਸੀਮਤ ਕਿਸਾਨਾਂ ਨੂੰ ਕਿਰਾਏ ’ਤੇ ਸਬਸਿਡੀ ਵਾਲੀਆਂ ਦਰਾਂ 'ਤੇ ਖੇਤੀ ਉਪਕਰਣਾਂ ਅਤੇ ਮਸ਼ੀਨਰੀ ਤੱਕ ਪਹੁੰਚ ਪ੍ਰਦਾਨ ਕਰਨਾ ਹੈ।
ਚੌਹਾਨ ਨੇ ਕਿਹਾ, “ਜੀਐਸਟੀ ਵਿੱਚ ਕਟੌਤੀ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੋਵੇਗਾ। ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ ਹੈ, ਜਿਸ ਲਈ ਨਾ ਸਿਰਫ਼ ਉਤਪਾਦਨ ਨੂੰ ਵਧਾਉਣਾ ਜ਼ਰੂਰੀ ਹੈ ਸਗੋਂ ਖੇਤੀ ਦੀ ਲਾਗਤ ਨੂੰ ਘਟਾਉਣਾ ਵੀ ਜ਼ਰੂਰੀ ਹੈ।”
ਮੰਤਰੀ ਨੇ ਟਰੈਕਟਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਹੋਣ ਵਾਲੀ ਕੀਮਤ ਵਿੱਚ ਕਟੌਤੀ ਬਾਰੇ ਦੱਸਿਆ, ਜਿਸ ਅਨੁਸਾਰ 35 HP ਟਰੈਕਟਰਾਂ ਲਈ 41,000 ਰੁਪਏ, 45 HP ਟਰੈਕਟਰਾਂ ਲਈ 45,000 ਰੁਪਏ, 50 HP ਟਰੈਕਟਰਾਂ ਲਈ 53,000 ਰੁਪਏ, ਅਤੇ 75 HP ਟਰੈਕਟਰਾਂ ਲਈ 63,000 ਰੁਪਏ। ਬਾਗਬਾਨੀ ਵਿੱਚ ਵਰਤੇ ਜਾਣ ਵਾਲੇ ਛੋਟੇ ਟਰੈਕਟਰਾਂ ਦੀ ਕੀਮਤ ਵਿੱਚ ਲਗਭਗ 23,000 ਰੁਪਏ ਦੀ ਕਟੌਤੀ ਹੋਵੇਗੀ।
ਉਨ੍ਹਾਂ ਕਿਹਾ, “ਟਰੈਕਟਰ ਵਰਗੀ ਖੇਤੀ ਮਸ਼ੀਨਰੀ ਉਤਪਾਦਨ ਵਧਾਉਣ ਲਈ ਜ਼ਰੂਰੀ ਹੈ ਅਤੇ ਖੇਤੀ ਦੀ ਲਾਗਤ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ। ਮੈਂ ਉਨ੍ਹਾਂ ਨੂੰ 22 ਸਤੰਬਰ ਤੋਂ ਜੀਐਸਟੀ ਕਟੌਤੀ ਦਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਕਿਸਾਨਾਂ ਨੂੰ ਇਸ ਨਾਲ ਬਹੁਤ ਵੱਡਾ ਫਾਇਦਾ ਹੋਵੇਗਾ।”
ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਟੌਤੀ ਸਾਰੀਆਂ ਸ਼੍ਰੇਣੀਆਂ ਦੇ ਖੇਤੀ ਉਪਕਰਣਾਂ ਨੂੰ ਲਾਭ ਪਹੁੰਚਾਏਗੀ ਅਤੇ ਨਿਰਮਾਤਾਵਾਂ ਅਤੇ ਡੀਲਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਇਹ ਲਾਭ ਕਿਸਾਨਾਂ ਤੱਕ ਪਹੁੰਚਾਉਣ। ਮੰਤਰੀ ਨੇ ਇਹ ਵੀ ਕਿਹਾ ਕਿ ਕਸਟਮ ਹਾਇਰਿੰਗ ਸੈਂਟਰਾਂ ਨੂੰ ਖੇਤੀ ਮਸ਼ੀਨਾਂ ਸਸਤੀਆਂ ਦਰਾਂ 'ਤੇ ਮਿਲਣਗੀਆਂ ਅਤੇ ਇਸ ਅਨੁਸਾਰ ਕਿਰਾਇਆ ਵੀ ਘਟਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਅਸੀਂ ਇਸ ’ਤੇ ਕੰਮ ਕਰਾਂਗੇ।”