ਅਫ਼ਗਾਨਿਸਤਾਨ-ਅੰਮ੍ਰਿਤਸਰ ਉਡਾਣਾਂ ਜਲਦੀ: ਮੁਤੱਕੀ
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤੱਕੀ ਨੇ ਅੰਮ੍ਰਿਤਸਰ ਅਤੇ ਅਫ਼ਗਾਨਿਸਤਾਨ ਵਿਚਾਲੇ ਸਿੱਧੀਆਂ ਉਡਾਣਾਂ ਜਲਦੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਸੰਪਰਕ ਵਧਾਉਣਾ ਹੈ। ਉਨ੍ਹਾਂ ਇਹ ਐਲਾਨ ਨਵੀਂ ਦਿੱਲੀ ਵਿੱਚ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ’ਚ ਭਾਰਤੀ ਸਨਅਤਕਾਰਾਂ ਨਾਲ ਮੀਟਿੰਗ ਦੌਰਾਨ ਕੀਤਾ। ਸਮਾਗਮ ਦੀ ਪ੍ਰਧਾਨਗੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੀਤੀ।
ਇਸ ਫੈਸਲੇ ਦਾ ਸਵਾਗਤ ਕਰਦਿਆਂ ਡਾ. ਸਾਹਨੀ ਨੇ ਇਸ ਨੂੰ ‘ਇਤਿਹਾਸਕ ਕਦਮ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਵਪਾਰ ਅਤੇ ਉਦਯੋਗ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਅੰਮ੍ਰਿਤਸਰ ਦੀ ਰਣਨੀਤਕ ਸਥਿਤੀ ਕਾਰਨ ਇਹ ਉਡਾਣਾਂ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਤੇਜ਼ ਅਤੇ ਵਧੇਰੇ ਸੁਰੱਖਿਅਤ ਹਵਾਈ ਸੰਪਰਕ ਸਥਾਪਤ ਕਰਨਗੀਆਂ। ਇਸ ਨਾਲ ਦੋਵਾਂ ਦੇਸ਼ਾਂ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ। ਖਾਸ ਤੌਰ ’ਤੇ ਖੇਤੀਬਾੜੀ ਉਤਪਾਦਾਂ, ਸੁੱਕੇ ਮੇਵਿਆਂ, ਤਾਜ਼ੇ ਫਲਾਂ, ਦਸਤਕਾਰੀ ਵਸਤਾਂ ਅਤੇ ਦਵਾਈਆਂ ਦੇ ਆਯਾਤ-ਨਿਰਯਾਤ ਵਿੱਚ ਵੱਡੀ ਸਹੂਲਤ ਹੋਵੇਗੀ, ਜਿਸ ਨਾਲ ਦੁਵੱਲੇ ਵਪਾਰ ਨੂੰ ਮਜ਼ਬੂਤੀ ਮਿਲੇਗੀ।
ਚਾਬਹਾਰ ਬੰਦਰਗਾਹ ਤੋਂ ਪਾਬੰਦੀ ਹਟਾਉਣ ਲਈ ਅਮਰੀਕਾ ਨਾਲ ਗੱਲ ਕਰੇ ਭਾਰਤ: ਮੁਤੱਕੀ
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਨੇ ਅੱਜ ਕਿਹਾ ਕਿ ਭਾਰਤ ਨੂੰ ਚਾਬਹਾਰ ਬੰਦਰਗਾਹ ਤੋਂ ਪਾਬੰਦੀ ਹਟਾਉਣ ਲਈ ਅਮਰੀਕਾ ਨਾਲ ਗੱਲ ਕਰਨੀ ਚਾਹੀਦੀ ਹੈ। ਮੁਤੱਕੀ ਨੇ ਕਿਹਾ ਕਿ ਉਹ ਰਣਨੀਤਕ ਤੌਰ ’ਤੇ ਸਥਿਤ ਚਾਬਹਾਰ ਬੰਦਰਗਾਹ ਦੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਦੇ ਪੱਖ ਵਿੱਚ ਹਨ ਅਤੇ ਉਨ੍ਹਾਂ ਨੇ ਅਮਰੀਕਾ ਨਾਲ ਆਪਣੀਆਂ ਮੀਟਿੰਗਾਂ ਵਿੱਚ ਪਾਬੰਦੀਆਂ ਹਟਾਉਣ ਦਾ ਮੁੱਦਾ ਵੀ ਚੁੱਕਿਆ ਹੈ।