ਆਦਿੱਤਿਆਨਾਥ ‘ਫੁੱਟਪਾਊ ਸਟਾਰ’: ਅਖਿਲੇਸ਼
ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਬਿਹਾਰ ਚੋਣਾਂ ’ਚ ਪ੍ਰਚਾਰ ਲਈ ਜਾ ਰਹੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ‘ਫੁੱਟਪਾਊ ਸਟਾਰ’ ਕਰਾਰ ਦਿੱਤਾ ਹੈ। ਭਾਜਪਾ ਨੇ ਬਿਹਾਰ ’ਚ 6 ਤੇ 11 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਯੋਗੀ ਆਦਿੱਤਿਆਨਾਥ ਨੂੰ ਸਟਾਰ ਪ੍ਰਚਾਰਕਾਂ ’ਚ ਸ਼ਾਮਿਲ ਕੀਤਾ ਹੈ। ਅੱਜ ਇੱਥੇ ਪਾਰਟੀ ਹੈੱਡਕੁਆਰਟਰ ’ਚ ਪ੍ਰੈੈੱਸ ਕਾਨਫਰੰਸ ਮੌਕੇ ਅਖਿਲੇਸ਼ ਯਾਦਵ ਨੇ ਕਿਹਾ, ‘‘ਯੋਗੀ ਆਦਿੱਤਿਆਨਾਥ ਭਾਜਪਾ ਦੇ ਸਟਾਰ ਪ੍ਰਚਾਰਕ ਵਜੋਂ ਨਹੀਂ ਬਲਕਿ ‘ਫੁੱਟਪਾਊ ਸਟਾਰ’ ਵਜੋਂ ਬਿਹਾਰ ਜਾ ਰਹੇ ਹਨ ਪਰ ਬਿਹਾਰ ਦੇ ਲੋਕ ਇਸ ‘ਫਿਰਕੂ ਸ਼ਖਸੀਅਤ’ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਦੀ ਹੈ ਕਿਉਂਕਿ ਪੀ ਡੀ ਏ ਤੋਂ ਡਰਦੀ ਹੈ। ਸਮਾਜਵਾਦੀ ਪਾਰਟੀ ਪੀ ਡੀ ਏ ਦੀ ਵਰਤੋਂ ਪਛੜੇ ਵਰਗਾਂ, ਦਲਿਤਾਂ ਤੇ ਘੱਟ ਗਿਣਤੀਆਂ ਲਈ ਕਰਦੀ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ’ਚ ਬਿਜਲੀ ਪ੍ਰਬੰਧ, ਆਵਾਜਾਈ ਤੇ ਹੋਰ ਸਹੂਲਤਾਂ ਨੂੰ ਲੈ ਕੇ ਵੀ ਸਰਕਾਰ ਆਲੋੋਚਨਾ ਕੀਤੀ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ, ‘‘ਸਮਾਰਟ ਸ਼ਹਿਰਾਂ ਤੇ ਆਵਾਜਾਈ ਪ੍ਰਬੰਧਾਂ ਲਈ ਮੁੱਖ ਮੰਤਰੀ ਪੱਧਰ ’ਤੇ ਅਣਗਿਣਤ ਮੀਟਿੰਗਾਂ ਹੋਈਆਂ ਹਨ ਪਰ ਹਰ ਸ਼ਹਿਰ ਜਾਮ ਨਾਲ ਜੂਝ ਰਿਹਾ ਹੈ। ਸਮਾਰਟ ਸ਼ਹਿਰਾਂ ਲਈ ਦਿੱਤੇ ਜਾ ਰਹੇ ਫੰਡ ਕਿੱਥੇ ਜਾ ਰਹੇ ਹਨ? ਕਿਸੇ ਵੀ ਸ਼ਹਿਰ ’ਚ ਚਲੇ ਜਾਓ, ਤੁਹਾਨੂੰ ਹਰ ਪਾਸੇ ਘੜਮੱਸ ਮਿਲੇਗਾ।’’