‘ਆਪ’ ਵਿਧਾਇਕ ਪਠਾਣਮਾਜਰਾ ਪੁਲੀਸ ਹਿਰਾਸਤ ’ਚੋਂ ਫ਼ਰਾਰ
ਹਲਕਾ ਸਨੌਰ ਤੋਂ ‘ਆਪ’ ਦਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅੱਜ ਫਿਲਮੀ ਅੰਦਾਜ਼ ਵਿੱਚ ਪੁਲੀਸ ਹਿਰਾਸਤ ’ਚੋਂ ਫ਼ਰਾਰ ਹੋ ਗਿਆ। ਪੁਲੀਸ ਨੇ ਜਬਰ-ਜਨਾਹ ਦੇ ਇਕ ਮਾਮਲੇ ’ਚ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਡਬਰੀ ’ਚ ਛਾਪਾ ਮਾਰਿਆ ਸੀ। ਜਾਣਕਾਰੀ ਮੁਤਾਬਕ ਪਠਾਣਮਾਜਰਾ ਆਪਣੇ ਰਿਸ਼ਤੇਦਾਰ ਦੇ ਘਰ ਵਿੱਚ ਆਰਾਮ ਕਰ ਰਿਹਾ ਸੀ ਤਾਂ ਉਥੇ ਪੁਲੀਸ ਪਹੁੰਚ ਗਈ। ਉਸ ਦੇ ਸਮਰਥਕਾਂ ਵੱਲੋਂ ਗੋਲੀਆਂ ਅਤੇ ਪਥਰਾਅ ਕੀਤੇ ਜਾਣ ਮਗਰੋਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਸੀਆਈਏ ਪਟਿਆਲਾ ਦੇ ਇੰਚਾਰਜ ਨੇ ਦੱਸਿਆ ਕਿ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੁਲੀਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਸੀ ਪਰ ਉਹ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਗੋਲੀਆਂ ਅਤੇ ਪਥਰਾਅ ਦੀ ਆੜ ਹੇਠ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਅਧਿਕਾਰੀ ਨੇ ਕਿਹਾ ਕਿ ਵਿਧਾਇਕ ਦੇ ਸਾਥੀ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੇ ਕਬਜ਼ੇ ’ਚੋਂ ਤਿੰਨ ਹਥਿਆਰ ਅਤੇ ਫਾਰਚੂਨਰ ਕਾਰ ਬਰਾਮਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਠਾਣਮਾਜਰਾ ਵੱਲੋਂ ਆਈ ਏ ਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਅਤੇ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਬਾਰੇ ਬਿਆਨਬਾਜ਼ੀ ਕੀਤੀ ਗਈ ਸੀ। ਵਿਧਾਇਕ ਵੱਲੋਂ ਦਿੱਤੇ ਗਏ ਬਿਆਨ ਮਗਰੋਂ ਹਲਕਾ ਸਨੌਰ ਦੇ ਥਾਣਾ ਮੁਖੀ ਅਤੇ ਚੌਕੀ ਇੰਚਾਰਜ ਦਾ ਤਬਾਦਲਾ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ ਅਤੇ ਵਿਧਾਇਕ ਨੂੰ ਦਿੱਤੀ ਪੁਲਿਸ ਸੁਰੱਖਿਆ ਵੀ ਵਾਪਸ ਲੈ ਲਈ ਸੀ।
ਪਠਾਣਮਾਜਰਾ ਖ਼ਿਲਾਫ਼ 376 ਸਣੇ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਵਿਵਾਦਾਂ ਵਿਚ ਚੱਲ ਰਹੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ ਪਟਿਆਲਾ ਦੇ ਥਾਣਾ ਸਿਵਲ ਲਾਈਨ ਵਿਚ ਧਾਰਾਵਾਂ 376, 420, 506 ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ। ਪਠਾਣਮਾਜਰਾ ਨੇ ਆਪਣੇ ਸਮਰਥਕਾਂ ਨੂੰ ਵੀਡੀਓ ਪਾ ਕੇ ਐੱਸ ਐੱਸ ਪੀ ਦਫ਼ਤਰ ਘੇਰਨ ਦਾ ਸੱਦਾ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਪੰਜਾਬੀਆਂ ਨੇ ਇਸ ਗੱਲ ਦੀ ਚੋਣ ਕਰਨੀ ਹੈ ਕਿ ਉਨ੍ਹਾਂ ਪੰਜਾਬ ਨੂੰ ਚੁਣਨਾ ਹੈ ਜਾਂ ਫਿਰ ਦਿੱਲੀ ਵਾਲਿਆਂ ਨੂੰ ਚੁਣਨਾ ਹੈ। ਉਸ ਨੇ ਦਿੱਲੀ ਦੇ ਆਗੂਆਂ ਬਾਰੇ ਵੀ ਕਈ ਇਲਜ਼ਾਮ ਲਗਾਏ ਸਨ। ਪਠਾਣਮਾਜਰਾ ਦੇ ਵਕੀਲ ਵਿਕਰਮਜੀਤ ਸਿੰਘ ਭੁੱਲਰ ਨੇ ਕਿਹਾ ਕਿ ਔਰਤ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਗਲਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ‘ਸਿਆਸਤਦਾਨ ਬਨਾਮ ਅਫ਼ਸਰਸ਼ਾਹੀ’ ਦਾ ਮਾਮਲਾ ਬਣਾ ਦਿੱਤਾ ਗਿਆ ਹੈ।