ਆਮਿਰ ਰਾਸ਼ਿਦ 10 ਦਿਨਾਂ ਦੇ ਐੱਨ ਆਈ ਏ ਰਿਮਾਂਡ ’ਤੇ
ਲਾਲ ਕਿਲਾ ਧਮਾਕੇ ਮਾਮਲੇ ਦੇ ਮੁੱਖ ਮੁਲਜ਼ਮ ਆਮਿਰ ਰਾਸ਼ਿਦ ਅਲੀ ਨੂੰ ਅੱਜ 10 ਦਿਨਾਂ ਦੇ ਐੱਨ ਆਈ ਏ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਅੱਜ ਇਸ ਹਮਲੇ ਦੇ ਦੋ ਹੋਰ ਜ਼ਖ਼ਮੀਆਂ ਲੁਕਮਾਨ (5) ਅਤੇ ਵਿਨੈ ਪਾਠਕ (50) ਨੇ ਐੱਲ ਐੱਨ ਜੇ ਪੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ, ਜਿਸ ਮਗਰੋਂ ਇਸ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ।
ਇਸ ਦੌਰਾਨ ਐੱਨ ਆਈ ਏ ਨੇ ਪਟਿਆਲਾ ਹਾਊਸ ਅਦਾਲਤ ਨੂੰ ਦੱਸਿਆ ਕਿ ਆਮਿਰ ਰਾਸ਼ਿਦ ਨੇ ਡਾ. ਉਮਰ ਨਬੀ ਨੂੰ ਇੱਕ ਸੁਰੱਖਿਅਤ ਟਿਕਾਣਾ ਮੁਹੱਈਆ ਕਰਵਾਇਆ ਸੀ ਅਤੇ ਹੋਰ ਸਹਾਇਤਾ ਵੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਦੱਖਣੀ ਕਸ਼ਮੀਰ ਦੇ ਪੰਪੋਰ ਦਾ ਰਹਿਣ ਵਾਲਾ ਆਮਿਰ ਧਮਾਕੇ ਤੋਂ ਪਹਿਲਾਂ ਕਾਰ ਚਲਾ ਰਹੇ ਹਮਲਾਵਰ ਡਾ. ਉਮਰ ਨਬੀ ਦੇ ਸੰਪਰਕ ਵਿੱਚ ਆਇਆ ਆਖ਼ਰੀ ਬੰਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਧਮਾਕੇ ਵਿੱਚ ਵਰਤੀ ਗਈ ਗੱਡੀ ਆਮਿਰ ਦੇ ਨਾਂ ’ਤੇ ਰਜਿਸਟਰਡ ਸੀ ਅਤੇ ਉਸ ਨੇ ਇਸ ਨੂੰ ਖਰੀਦਣ ਵਿੱਚ ਮਦਦ ਕੀਤੀ ਸੀ। ਜ਼ਿਕਰਯੋਗ ਹੈ ਕਿ ਲਾਲ ਕਿਲੇ ਨੇੜੇ ਹੋਏ ਧਮਾਕੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਅਲ ਫਲਾਹ ਯੂਨੀਵਰਸਿਟੀ ਦਾ ਚੇਅਰਮੈਨ ਤਲਬ
ਫਰੀਦਾਬਾਦ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਲਾਲ ਕਿਲਾ ਧਮਾਕਾ ਮਾਮਲੇ ਵਿੱਚ ਜਾਂਚ ਦੇ ਘੇਰੇ ’ਚ ਆਈ ਫਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਨੂੰ ਤਲਬ ਕੀਤਾ ਹੈ। ਇਹ ਕਾਰਵਾਈ ਯੂਨੀਵਰਸਿਟੀ ’ਤੇ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ਾਂ ਤਹਿਤ ਦਰਜ ਕੀਤੀਆਂ ਦੋ ਐੱਫ ਆਈ ਆਰਜ਼ ਤੋਂ ਬਾਅਦ ਹੋਈ ਹੈ। ਐੱਫ ਆਈ ਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਯੂਨੀਵਰਸਿਟੀ ਨੇ ਗ਼ਲਤ ਤਰੀਕੇ ਨਾਲ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪਰਿਸ਼ਦ (ਨੈਕ) ‘ਗ੍ਰੇਡ-ਏ’ ਮਾਨਤਾ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਮਾਲ ਵਿਭਾਗ ਨੇ ਵੀ ਯੂਨੀਵਰਸਿਟੀ ਦੀ ਜ਼ਮੀਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
