ਛੇ ਦਸੰਬਰ ਨੂੰ ਵੱਡੇ ਹਮਲੇ ਦੀ ਸੀ ਯੋਜਨਾ
ਕੌਮੀ ਰਾਜਧਾਨੀ ਵਿੱਚ ਲਾਲ ਕਿਲੇ ਨੇੜੇ ਹੋਏ ਕਾਰ ਧਮਾਕੇ ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਹਨ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਕਾਰ ਧਮਾਕੇ ਦੌਰਾਨ ਮਾਰਿਆ ਗਿਆ ਡਾ. ਉਮਰ ਨਬੀ 6 ਦਸੰਬਰ ਨੂੰ ਬਾਬਰੀ ਮਸਜਿਦ ਢਾਹੇ ਜਾਣ ਦੀ ਬਰਸੀ ਮੌਕੇ ਵੱਡਾ ਧਮਾਕਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਜਾਂਚ ਏਜੰਸੀਆਂ ਮੁਤਾਬਕ ਅਗਾਮੀ ਗਣਤੰਤਰ ਦਿਵਸ ਅਤੇ ਦੀਵਾਲੀ ’ਤੇ ਵੀ ਵੱਡੇ ਹਮਲੇ ਕਰਨ ਦੀ ਸਾਜ਼ਿਸ਼ ਸੀ। ਉਧਰ ਦਿੱਲੀ ਪੁਲੀਸ ਨੇ ਧਮਾਕੇ ਨਾਲ ਸਬੰਧਤ ਦੂਜੀ ਸ਼ੱਕੀ ਲਾਲ ਰੰਗ ਦੀ ਫੋਰਡ ਈਕੋਸਪੋਰਟ ਕਾਰ ਨੂੰ ਫਰੀਦਾਬਾਦ ਦੇ ਖੰਡਾਵਲੀ ਪਿੰਡ ’ਚੋਂ ਬਰਾਮਦ ਕਰ ਲਿਆ ਹੈ। ਡਾ. ਉਮਰ ਨਬੀ ਦੀ ਮਾਂ ਅਤੇ ਭਰਾ ਦੇ ਡੀ ਐੱਨ ਏ ਨਮੂਨੇ ਇਕੱਠੇ ਕਰ ਕੇ ਅਗਲੀ ਜਾਂਚ ਲਈ ਏਮਸ ਦੀ ਫੋਰੈਂਸਿਕ ਲੈਬ ਵਿੱਚ ਭੇਜ ਦਿੱਤੇ ਗਏ ਹਨ। ਇਨ੍ਹਾਂ ਨਮੂਨਿਆਂ ਦਾ ਮਿਲਾਨ ਦਿੱਲੀ ਦੇ ਲੋਕ ਨਾਇਕ ਹਸਪਤਾਲ ਵਿੱਚ ਰੱਖੀਆਂ ਲਾਸ਼ਾਂ ਨਾਲ ਕੀਤਾ ਜਾਵੇਗਾ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਡਾ. ਉਮਰ ਨਬੀ (28) ਦੇ ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਫੈਲੇ ਅਤਿਵਾਦੀ ਨੈੱਟਵਰਕ ਦਾ ਮੁੱਖ ਮੈਂਬਰ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਮਰ ਅਤੇ ਇੱਕ ਹੋਰ ਮਸ਼ਕੂਕ ਡਾ. ਮੁਜ਼ੱਮਿਲ ਗਨਈ ਨੇ 2021 ਵਿੱਚ ਆਪਣੀ ਤੁਰਕੀ ਯਾਤਰਾ ਦੌਰਾਨ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਵਰਕਰਾਂ ਨਾਲ ਮੁਲਾਕਾਤ ਕੀਤੀ ਸੀ। ਕਾਰ ਧਮਾਕੇ ਦੌਰਾਨ 12 ਲੋਕਾਂ ਦੀ ਜਾਨ ਗਈ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਧਮਾਕੇ ਵਿੱਚ ਵਰਤੀ ਗਈ ਹੁੰਦਈ ਆਈ-20 ਕਾਰ ਦੇ ਨਾਲ ਮਸ਼ਕੂਕਾਂ ਕੋਲ ਲਾਲ ਰੰਗ ਦੀ ਇੱਕ ਹੋਰ ਕਾਰ ਵੀ ਸੀ। ਸੂਤਰਾਂ ਨੇ ਦੱਸਿਆ ਕਿ ਲਾਲ ਰੰਗ ਦੀ ਫੋਰਡ ਈਕੋਸਪੋਰਟ ਡਾ. ਉਮਰ ਉਨ ਨਬੀ ਦੇ ਨਾਂ ’ਤੇ ਰਜਿਸਟਰਡ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਗੱਡੀ ਦੀ ਵਰਤੋਂ ਉਮਰ ਵੱਲੋਂ ਰੇਕੀ ਕਰਨ ਲਈ ਕੀਤੀ ਗਈ ਸੀ। ਪੁਲੀਸ ਤਰਜਮਾਨ ਨੇ ਕਾਰ ਮਿਲਣ ਦੀ ਪੁਸ਼ਟੀ ਕੀਤੀ ਹੈ।
ਇਸ ਦੌਰਾਨ, ਫਰੀਦਾਬਾਦ ਪੁਲੀਸ ਨੇ ਅੱਜ ਵੀ ਆਪਣਾ ਤਲਾਸ਼ੀ ਅਭਿਆਨ ਜਾਰੀ ਰੱਖਿਆ। ਏ ਸੀ ਪੀ (ਕ੍ਰਾਈਮ) ਵਰੁਣ ਦਹੀਆ ਦੀ ਅਗਵਾਈ ਹੇਠਲੀ ਟੀਮ ਨੇ ਅਲ-ਫਲਾਹ ਯੂਨੀਵਰਸਿਟੀ ਅਤੇ ਡਾ. ਮੁਜ਼ੱਮਿਲ ਗਨਈ ਦੇ ਘਰ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਡਾ. ਗਨਈ ਦੇ ਮੋਬਾਈਲ ਫੋਨ ਦੇ ਡੰਪ ਡੇਟਾ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਉਸ ਨੇ ਇਸ ਸਾਲ ਜਨਵਰੀ ਵਿੱਚ ਕਈ ਵਾਰ ਲਾਲ ਕਿਲਾ ਇਲਾਕੇ ਦੀ ਰੇਕੀ ਕੀਤੀ ਸੀ। ਪੁਲੀਸ ਨੂੰ ਸ਼ੱਕ ਹੈ ਕਿ ਇਹ ਰੇਕੀ ਗਣਤੰਤਰ ਦਿਵਸ ਮੌਕੇ ਹਮਲਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ ਜੋ ਉਸ ਸਮੇਂ ਸਖ਼ਤ ਸੁਰੱਖਿਆ ਕਾਰਨ ਨਾਕਾਮ ਹੋ ਗਈ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਫਰੀਦਾਬਾਦ ਦੇ ਕਾਰ ਡੀਲਰ ਅਮਿਤ ਨੂੰ ਹਿਰਾਸਤ ਵਿੱਚ ਲਿਆ ਹੈ।
ਅਲ ਫਲਾਹ ਨੇ ਦਿੱਤੀ ਸਫ਼ਾਈ
ਫਰੀਦਾਬਾਦ (ਕੁਲਵਿੰਦਰ ਕੌਰ): ਦਿੱਲੀ ਧਮਾਕੇ ਦੇ ਮਾਮਲੇ ਵਿੱਚ ਫਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਨੇ ਆਪਣੇ ਦੋ ਡਾਕਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਧਿਕਾਰਤ ਬਿਆਨ ਜਾਰੀ ਕਰ ਕੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਵੱਖ ਕਰ ਲਿਆ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਉਹ ਜਾਂਚ ਏਜੰਸੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ, ਪਰ ਉਸ ਦਾ ਆਪਣੇ ਮੁਲਾਜ਼ਮਾਂ ਦੀਆਂ ਨਿੱਜੀ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਹੈ। ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. (ਡਾ.) ਭੁਪਿੰਦਰ ਕੌਰ ਆਨੰਦ ਨੇ ਕਿਹਾ, ‘‘ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਯੂਨੀਵਰਸਿਟੀ ਦਾ ਫੜੇ ਗਏ ਡਾਕਟਰਾਂ ਦੀਆਂ ਨਿੱਜੀ ਗਤੀਵਿਧੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਲੈਬ ਦੀ ਵਰਤੋਂ ਸਿਰਫ਼ ਪੜ੍ਹਾਈ ਅਤੇ ਸਿਖਲਾਈ ਲਈ ਹੀ ਕੀਤੀ ਜਾਂਦੀ ਹੈ।
ਜੰਮੂ ਕਸ਼ਮੀਰ ਵਿੱਚ 500 ਥਾਵਾਂ ’ਤੇ ਛਾਪੇ
ਸ੍ਰੀਨਗਰ: ਜੰਮੂ ਕਸ਼ਮੀਰ ਪੁਲੀਸ ਨੇ ਅਤਿਵਾਦੀ ਨੈੱਟਵਰਕ ਖ਼ਿਲਾਫ਼ ਕਾਰਵਾਈ ਤੇਜ਼ ਕਰਦਿਆਂ ਅੱਜ ਘਾਟੀ ਵਿੱਚ ਜਮਾਤੇ-ਇਸਲਾਮੀ (ਜੇ ਈ ਆਈ) ਸਣੇ ਹੋਰ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਲੋਕਾਂ ਦੇ 500 ਤੋਂ ਵੱਧ ਟਿਕਾਣਿਆਂ ’ਤੇ ਛਾਪੇ ਮਾਰੇ। ਛਾਪਿਆਂ ਦੌਰਾਨ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਤਰਾਜ਼ਯੋਗ ਸਮੱਗਰੀ ਤੇ ਡਿਜੀਟਲ ਉਪਕਰਨ ਜ਼ਬਤ ਕੀਤੇ ਗਏ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਭਰੋਸੇਯੋਗ ਖ਼ੁਫ਼ੀਆ ਇਤਲਾਹਾਂ ਦੇ ਆਧਾਰ ’ਤੇ ਛਾਪੇ ਮਾਰੇ ਗਏ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਜੇ ਈ ਆਈ ਨਾਲ ਜੁੜੇ ਅਨਸਰ ਵੱਖ-ਵੱਖ ਮੁਹਾਜ਼ਾਂ ’ਤੇ ਆਪਣੀ ਸਰਗਰਮੀਆਂ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਘਾਟੀ ਵਿੱਚ ਸ਼ੋਪੀਆਂ, ਕੁਲਗਾਮ, ਪੁਲਵਾਮਾ, ਬਾਰਾਮੂਲਾ ਅਤੇ ਗੰਦਰਬਲ ਸਣੇ 10 ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਜੇ ਈ ਆਈ ਦੇ ਮੈਂਬਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਘਰਾਂ ਅਤੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਗਏ। ਵੱਡੇ ਪੱਧਰ ’ਤੇ ਕੀਤੀ ਕਾਰਵਾਈ ਦੇ ਵੇਰਵੇ ਦਿੰਦਿਆਂ ਸ੍ਰੀਨਗਰ ’ਚ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ 150 ਤੋਂ ਵੱਧ ਥਾਵਾਂ ’ਤੇ ਜਦਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ 200 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਗਏ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲੰਘੇ ਚਾਰ ਦਿਨਾਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਤਲਾਸ਼ੀ ਮੁਹਿੰਮਾਂ ਦੌਰਾਨ ਸਰਗਰਮ ਕਾਰਕੁਨਾਂ, ਪਾਕਿਸਤਾਨ ਤੋਂ ਜੰਮੂ ਕਸ਼ਮੀਰ ਵਿੱਚ ਸਰਗਰਮ ‘ਜੰਮੂ ਕਸ਼ਮੀਰ ਨੈਸ਼ਨਲਸ ਆਪਰੇਟਿੰਗ’ (ਜੇ ਕੇ ਐੱਨ ਓ ਪੀ), ਸਰਗਰਮ ਤੇ ਮਾਰੇ ਗਏ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ 400 ਤੋਂ ਵੱਧ ਘੇਰਾਬੰਦੀ ਤੇ ਤਲਾਸ਼ੀ ਮੁਹਿੰਮਾਂ ਚਲਾਈਆਂ ਗਈਆਂ। ਇਸ ਦੌਰਾਨ ਜੇ ਕੇ ਐੱਨ ਓ ਪੀ ਅਤੇ ਹੋਰ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਲਗਪਗ 500 ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਗਈ ਜਿਨ੍ਹਾਂ ਵਿਚੋਂ ਕਈਆਂ ਨੂੰ ਇਹਤਿਆਤੀ ਕਾਨੂੰਨਾਂ ਤਹਿਤ ਜ਼ਿਲ੍ਹਾ ਜੇਲ੍ਹ ਮੱਟਨ, ਅਨੰਤਨਾਗ ’ਚ ਤਬਦੀਲ ਕੀਤਾ ਗਿਆ ਹੈ।। -ਪੀਟੀਆਈ
ਦਿੱਲੀ ਧਮਾਕੇ ਪਿੱਛੇ ਪਾਕਿ ਦਾ ਹੱਥ: ਬਿੱਟੂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲਾਲ ਕਿਲੇ ਨੇੜੇ ਹੋਏ ਬੰਬ ਧਮਾਕੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ, ‘‘ਇਸ ਧਮਾਕੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਹਾਲ ਹੀ ਵਿੱਚ ਸਰਹੱਦੀ ਖੇਤਰਾਂ ਨੇੜੇ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ। ਜ਼ਿੰਮੇਵਾਰਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।’’ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਮਿਤ ਸ਼ਾਹ ਗ੍ਰਹਿ ਮੰਤਰੀ ਹੋਣ ਕਰ ਕੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਪਰੇਸ਼ਨ ਸਿੰਧੂਰ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।’’
