ਰਾਹੁਲ ਗਾਂਧੀ ਵੱਲੋਂ ਭਲਕ ਤੋਂ 'ਵੋਟ ਅਧਿਕਾਰ ਯਾਤਰਾ' ਸ਼ੁਰੂ ਕਰਨ ਦਾ ਐਲਾਨ
ਬਿਹਾਰ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਵਿਚ ਵਿਆਪਕ ਸੋਧ ਨੂੰ ਲੈ ਕੇ ਜਾਰੀ ਸਿਆਸੀ ਲੜਾਈ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਵੋਟ ਅਧਿਕਾਰ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਯਾਤਰਾ 17 ਅਗਸਤ ਤੋਂ 1 ਸਤੰਬਰ ਤੱਕ ਚੱਲੇਗੀ।
ਰਾਹੁਲ ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਲਿਖਿਆ ,“16 ਦਿਨ 20 ਤੋਂ ਵੱਧ ਜ਼ਿਲ੍ਹੇ... ਅਸੀਂ ਵੋਟ ਅਧਿਕਾਰ ਯਾਤਰਾ ਦੇ ਨਾਲ ਲੋਕਾਂ ਵਿਚਕਾਰ ਆ ਰਹੇ ਹਾਂ। ਇਹ ਸਭ ਤੋਂ ਬੁਨਿਆਦੀ ਜਮਹੂਰੀ ਅਧਿਕਾਰ ‘ਇੱਕ ਵਿਅਕਤੀ, ਇੱਕ ਵੋਟ’ ਦੀ ਰੱਖਿਆ ਲਈ ਲੜਾਈ ਹੈ। ਸੰਵਿਧਾਨ ਨੂੰ ਬਚਾਉਣ ਲਈ ਬਿਹਾਰ ਵਿੱਚ ਸਾਡੇ ਨਾਲ ਜੁੜੋ।’’
ਰਾਹੁਲ ਗਾਂਧੀ ਨੇ ਯਾਤਰਾ ਦਾ ਸ਼ਡਿਊਲ ਵੀ ਜਾਰੀ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਯਾਤਰਾ 17 ਅਗਸਤ ਤੋਂ 1 ਸਤੰਬਰ ਤੱਕ ਕਿਹੜੀਆਂ-ਕਿਹੜੀਆਂ ਥਾਵਾਂ ਤੋਂ ਲੰਘੇਗੀ। ਇਹ ਯਾਤਰਾ ਰੋਹਤਾਸ ਤੋਂ ਸ਼ੁਰੂ ਹੋਵੇਗੀ ਅਤੇ 1 ਸਤੰਬਰ ਨੂੰ ਪਟਨਾ ਵਿੱਚ ਖ਼ਤਮ ਹੋਵੇਗੀ। ਇੰਡੀਆ ਗੱਠਜੋੜ ਦੇ ਆਗੂ ਵੀ ਰਾਹੁਲ ਗਾਂਧੀ ਦੀ ‘ਵੋਟ ਅਧਿਕਾਰ ਰੈਲੀ’ ਵਿੱਚ ਹਿੱਸਾ ਲੈਣਗੇ।
ਰੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ ,“ਅਸੀਂ ਕੱਲ੍ਹ ਸਾਸਾਰਾਮ ਤੋਂ ਵੋਟ ਅਧਿਕਾਰ ਯਾਤਰਾ ਸ਼ੁਰੂ ਕਰ ਰਹੇ ਹਾਂ। ਭਲਕੇ ਅਸੀਂ ਮਹਾਗੱਠਜੋੜ ਦੇ ਸਾਰੇ ਸਹਿਯੋਗੀਆਂ ਦੇ ਨਾਲ ਰਹਾਂਗੇ। ਅਸੀਂ ਕਈ ਜ਼ਿਲ੍ਹਿਆਂ ਦਾ ਦੌਰਾ ਕਰਾਂਗੇ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਵੋਟਰ ਦਾ ਨਾਮ ਸੂਚੀ ਵਿੱਚੋਂ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਇਹ ਯਾਤਰਾ ਇਤਿਹਾਸਕ ਹੋਵੇਗੀ ਅਤੇ ਉਨ੍ਹਾਂ ਨੂੰ ਬਿਹਾਰ ਦੇ 14 ਕਰੋੜ ਲੋਕਾਂ ਦਾ ਆਸ਼ੀਰਵਾਦ ਮਿਲੇਗਾ। ਜਮਹੂਰੀਅਤ ਵਿੱਚ ਜਨਤਾ ਹੀ ਮਾਲਕ ਹੁੰਦੀ ਹੈ ਤੇ ਉਹ ਜਨਤਾ ਦੇ ਵਿਚਕਾਰ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਨੁੂੰ ਲੈ ਕੇ ਵਿਰੋਧੀ ਧਿਰ ਅਤੇ ਚੋਣ ਕਮਿਸ਼ਨ ਵਿਚਾਲੇ ਵਿਵਾਦ ਜਾਰੀ ਹੈ। ਵਿਰੋਧੀ ਧਿਰਾਂ ਨੇ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਅਮਲ ਨੁੂੰ ਵੋਟ ਚੋਰੀ ਕਰਾਰ ਦਿੱਤਾ ਹੈ ਅਤੇ ਦਾਅਵਾ ਕੀਤਾ ਕਿ ਇਹ ਰਾਜ ਵੋਟ ਰਾਜ ਵਿੱਚ ਲੋਕਤੰਤਰ ਨੂੰ ‘ਖ਼ਤਰੇ ਵਿੱਚ’ ਪਾ ਦੇਵੇਗਾ।