’84 ਦੰਗੇ: ਹੇਠਲੀ ਅਦਾਲਤ ਨੂੰ ਰਿਕਾਰਡ ਤਿਆਰ ਕਰਨ ਲਈ ਚਾਰ ਹਫ਼ਤੇ ਦਾ ਸਮਾਂ
ਦਿੱਲੀ ਹਾਈ ਕੋਰਟ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ’ਚ ਚਾਰ ਦਹਾਕੇ ਪੁਰਾਣਾ ਰਿਕਾਰਡ ਮੁੜ ਤਿਆਰ ਕਰਨ ਲਈ ਹੇਠਲੀ ਅਦਾਲਤ ਨੂੰ ਚਾਰ ਹੋਰ ਹਫ਼ਤੇ ਦਾ ਸਮਾਂ ਦਿੱਤਾ ਹੈ। ਹਾਈ ਕੋਰਟ ਨੇ 11 ਅਗਸਤ ਨੂੰ ਰਿਕਾਰਡ ਮੁੜ ਤਿਆਰ ਕਰਨ ਦਾ ਹੁਕਮ ਦਿੱਤਾ ਸੀ ਅਤੇ ਗਾਜ਼ੀਆਬਾਦ ਦੇ ਰਾਜ ਨਗਰ ’ਚ ਚਾਰ ਸਿੱਖਾਂ ਦੀ ਹੱਤਿਆ ਮਾਮਲੇ ’ਚ ਸਾਬਕਾ ਕਾਂਗਰਸ ਕੌਂਸਲਰ ਬਲਵਾਨ ਖੋਖਰ ਸਮੇਤ ਪੰਜ ਜਣਿਆਂ ਨੂੰ ਬਰੀ ਕਰਨ ਦੇ ਮਾਮਲੇ ’ਚ ਹੇਠਲੀ ਅਦਾਲਤ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਇਹ ਹੱਤਿਆਵਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਇੱਕ ਦਿਨ ਬਾਅਦ 1 ਨਵੰਬਰ 1984 ਨੂੰ ਹੋਈਆਂ ਸਨ। ਤਿੰਨ ਮਹਿਲਾਵਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਤੀਆਂ ਤੇ ਪੁੱਤਰ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ। 1986 ਵਿੱਚ ਹੇਠਲੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਖੋਖਰ ਤੇ ਚਾਰ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਜਸਟਿਸ ਸੁਬਰਾਮਨੀਅਮ ਪ੍ਰਸਾਦ ਤੇ ਜਸਟਿਸ ਹਰੀਸ਼ ਵੈਦਿਆਨਾਥਨ ਸ਼ੰਕਰ ਦੇ ਬੈਂਚ ਨੇ ਅੱਜ ਕਿਹਾ ਕਿ 11 ਅਗਸਤ ਨੂੰ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਰਿਕਾਰਡ ਮੁੜ ਤਿਆਰ ਕਰਨ ਦੀ ਸਥਿਤੀ ਬਾਰੇ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ। ਬੈਂਚ ਨੇ ਕਿਹਾ, ‘ਹੇਠਲੀ ਅਦਾਲਤ ਨੂੰ ਅਪੀਲ ਹੈ ਕਿ ਉਹ ਚਾਰ ਹਫ਼ਤੇ ਅੰਦਰ ਰਿਪੋਰਟ ਦਾਖਲ ਕਰੇ।’ ਮਾਮਲੇ ਦੀ ਸੁਣਵਾਈ 10 ਅਕਤੂਬਰ ਨੂੰ ਹੋਵੇਗੀ।