ਛੱਤੀਸਗੜ੍ਹ ਦੇ ਗਰੀਆਬੰਦ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 10 ਨਕਸਲੀ ਹਲਾਕ
ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਘੱਟੋ-ਘੱਟ 10 ਨਕਸਲੀ ਮਾਰੇ ਗਏ। ਪੁਲੀਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦਾ ਸੀਨੀਅਰ ਆਗੂ ਅਤੇ ਕੇਂਦਰੀ ਕਮੇਟੀ ਮੈਂਬਰ (ਸੀਸੀਐਮ) ਮੋਡੇਮ ਬਾਲਕ੍ਰਿਸ਼ਨ ਸ਼ਾਮਲ ਹਨ।
ਰਾਏਪੁਰ ਰੇਂਜ ਦੇ Inspector General of Police ਅਮਰੇਸ਼ ਮਿਸ਼ਰਾ ਨੇ ਦੱਸਿਆ ਕਿ ਮੈਨਪੁਰ ਥਾਣੇ ਦੀ ਹੱਦ ’ਚ ਪੈਂਦੇ ਜੰਗਲ ਵਿੱਚ ਉਸ ਸਮੇਂ ਗੋਲੀਬਾਰੀ ਹੋਈ ਜਦੋਂ ਸੁਰੱਖਿਆ ਮੁਲਾਜ਼ਮਾਂ ਨਕਸਲ ਵਿਰੋਧੀ ਮੁਹਿੰਮ ਵਿੱਢੀ ਹੋਈ ਸੀ।
ਉਨ੍ਹਾਂ ਕਿਹਾ ਕਿ ਇਸ ਕਾਰਵਾਈ ’ਚ ਸਪੈਸ਼ਲ ਟਾਸਕ ਫੋਰਸ (ਐਸਟੀਐਫ), ਕੋਬਰਾ (ਸੀਆਰਪੀਐਫ ਦਾ ਵਿਸ਼ੇਸ਼ ਦਸਤਾ ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ) ਅਤੇ ਸੂਬਾ ਪੁਲੀਸ ਦੀਆਂ ਹੋਰ ਯੁੂਨਿਟਾਂ ਨਾਲ ਸਬੰਧਤ ਕਰਮਚਾਰੀ ਸ਼ਾਮਲ ਹਨ।
ਆਈਜੀਪੀ ਨੇ ਕਿਹਾ ਕਿ ਹਾਲੇ ਵੀ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘੱਟੋ-ਘੱਟ ਅੱਠ ਨਕਸਲੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਆਪਰੇਸ਼ਨ ਹਾਲੇ ਚੱਲ ਰਿਹਾ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ।
ਦੱਸਣਯੋਗ ਹੈ ਕਿ ਇਸ ਸਾਲ ਹੁਣ ਤੱਕ ਛੱਤੀਸਗੜ੍ਹ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ 241 ਨਕਸਲੀ ਮਾਰੇ ਗਏ ਹਨ।
ਇਸੇ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚੋਂ 26 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਛੇ ਨਕਸਲੀਆਂ ਦੇ ਸਿਰ ’ਤੇ 13 ਲੱਖ ਰੁਪਏ ਦਾ ਇਨਾਮ ਸੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਅਵਾਪੱਲੀ ਅਤੇ ਉਸੁਰ ਤੋਂ ਅੱਠ-ਅੱਠ, ਤਾਰਰੇਮ ਤੋਂ ਚਾਰ ਜਦਕਿ ਗੰਗਲੂਰ ਤੇ ਭੈਰਮਗੜ੍ਹ ਥਾਣੇ ਅਧੀਨ ਇਲਾਕੇ ਵਿੱਚੋਂ ਤਿੰਨ-ਤਿੰਨ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।