ਛੱਤੀਸਗੜ੍ਹ ਰੇਲ ਹਾਦਸੇ ਵਿਚ 11 ਮੌਤਾਂ, 20 ਜ਼ਖ਼ਮੀ
Chhattisgarh train accident ਛੱਤੀਸਗੜ੍ਹ ਦੇ ਬਿਲਾਸਪੁਰ ਸਟੇਸ਼ਨ ਨੇੜੇ ਮੰਗਲਵਾਰ ਨੂੰ ਯਾਤਰੀ ਰੇਲਗੱਡੀ ਤੇ ਮਾਲਗੱਡੀ ਵਿਚਾਲੇ ਹੋਈ ਟੱਕਰ ਵਿਚ ਲੋਕੋ ਪਾਇਲਟ ਸਣੇ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 20 ਹੋਰ ਜ਼ਖ਼ਮੀ ਹਨ। ਹਾਦਸਾ ਯਾਤਰੀ ਰੇਲਗੱਡੀ ਦੇ ਕਥਿਤ ਰੈੱਡ ਸਿਗਨਲ ਟੱਪਣ ਕਰਕੇ ਹੋਇਆ। ਇਹ ਹਾਦਸਾ ਮੰਗਲਵਾਰ ਸ਼ਾਮੀਂ 4 ਵਜੇ ਦੇ ਕਰੀਬ ਵਾਪਰਿਆ ਸੀ। ਯਾਤਰੀ ਰੇਲਗੱਡੀ ਗੇਵਰਾ ਤੋਂ ਬਿਲਾਸਪੁਰ ਵੱਲ ਜਾ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਯਾਤਰੀ ਰੇਲਗੱਡੀਦ ਦਾ ਇਕ ਡੱਬਾ ਮਾਲਗੱਡੀ ਦੀ ਇਕ ਬੋਗੀ ’ਤੇ ਚੜ੍ਹ ਗਿਆ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਅਜੇ ਵੀ ਮਲਬੇ ਵਿਚ ਦੋ ਤੋਂ ਤਿੰਨ ਮੁਸਾਫ਼ਰ ਫਸੇ ਹੋਣ ਦਾ ਖਦਸ਼ਾ ਹੈ।
ਬਿਲਾਸਪੁਰ ਦੇ ਕੁਲੈਕਟਰ ਸੰਜੈ ਅਗਰਵਾਲ ਨੇ ਕਿਹਾ, ‘‘ਹੁੁਣ ਤੱਕ 11 ਮੌਤਾਂ ਦੀ ਪੁਸ਼ਟੀ ਹੋਈ ਹੈ। ਦੋ ਤੋਂ ਤਿੰਨ ਵਿਅਕਤੀ ਅਜੇ ਵੀ ਮਲਬੇ ਵਿਚ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ।’’ ਰੇਲਵੇ ਨੇ ਪੀੜਤਾਂ ਦੇ ਵਾਰਸਾਂ ਲਈ 10-10 ਲੱਖ, ਗੰਭੀਰ ਜ਼ਖ਼ਮੀਆਂ ਲਈ 5 ਲੱਖ ਤੇ ਮਾਮੂਲੀ ਜ਼ਖ਼ਮੀਆਂ ਲੀ 1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
