73 ਸਾਲਾ ਬਿਰਧ ਮਹਿਲਾ 33 ਸਾਲਾਂ ਬਾਅਦ ਅਮਰੀਕਾ ਤੋਂ ਡਿਪੋਰਟ
73 ਸਾਲਾ ਔਰਤ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ। ਉਹ ਪਿਛਲੇ 33 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ। ਉਸ ਦੇ ਵਕੀਲ ਨੇ ਦੱਸਿਆ ਕਿ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।
ਵਕੀਲ ਦੀਪਕ ਆਹਲੂਵਾਲੀਆ ਨੇ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ, ‘‘ਬੀਬੀ ਜੀ (ਹਰਜੀਤ ਕੌਰ) ਪੰਜਾਬ ਵਾਪਸ ਜਾ ਰਹੇ ਹਨ। ਉਹ ਪਹਿਲਾਂ ਹੀ ਭਾਰਤ ਵਿੱਚ ਉਤਰ ਚੁੱਕੇ ਹਨ।’’ ਉਸ ਨੂੰ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਦੋਂ ਹਿਰਾਸਤ ਵਿੱਚ ਲੈ ਲਿਆ ਸੀ ਜਦੋਂ ਉਹ ਰੁਟੀਨ ਜਾਂਚ ਲਈ ਗਈ ਸੀ, ਜਿਸ ਕਾਰਨ ਉਸ ਦੇ ਪਰਿਵਾਰ ਵੱਲੋਂ ਪ੍ਰਦਰਸ਼ਨ ਕੀਤੇ ਗਏ।
ਗੈਰ-ਲਾਭਕਾਰੀ ਨਿਊਜ਼ ਪੋਰਟਲ ਬਰਕਲੇਅਸਾਈਡ ਦੀ ਖ਼ਬਰ ਮੁਤਾਬਕ, ਹਰਜੀਤ ਕੌਰ ਜੋ 33 ਸਾਲਾਂ ਤੋਂ ਤੋਂ ਉੱਤਰੀ ਕੈਲੀਫੋਰਨੀਆ ਦੇ ਈਸਟ ਬੇਅ ਦੀ ਵਸਨੀਕ ਸੀ, ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ ਸੀ ਈ) ਦੇ ਅਧਿਕਾਰੀਆਂ ਵੱਲੋਂ ਰੁਟੀਨ ਜਾਂਚ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਦੇ ਪਰਿਵਾਰ ਨੇ ਭਾਈਚਾਰੇ ਦੇ ਸੈਂਕੜੇ ਮੈਂਬਰਾਂ ਨਾਲ ਮਿਲ ਕੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿੱਚ ਕੌਰ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ। ਬਿਰਧ ਨੂੰ ਉਦੋਂ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਆਈ ਸੀ ਈ ਦੇ ਅਧਿਕਾਰੀਆਂ ਨੇ ਉਸ ਨੂੰ ਹੋਰ ਕਾਗਜ਼ੀ ਕਾਰਵਾਈ ਲਈ ਆਪਣੇ ਸਾਂ ਫਰਾਂਸਿਸਕੋ ਦਫ਼ਤਰ ਆਉਣ ਲਈ ਕਿਹਾ ਸੀ।