7/11 ਰੇਲ ਧਮਾਕੇ: ਮੁਲਜ਼ਮਾਂ ਨੂੰ ਛੱਡਣ ਦੇ ਫ਼ੈਸਲੇ ਖ਼ਿਲਾਫ਼ ਅਪੀਲ ’ਤੇ ਸੁਪਰੀਮ ਕੋਰਟ ਭਲਕੇ ਕਰੇਗੀ ਸੁਣਵਾਈ
ਸੁਪਰੀਮ ਕੋਰਟ ਮੁੰਬਈ ਵਿੱਚ 2006 ’ਚ ਹੋਏ ਰੇਲ ਬੰਬ ਧਮਾਕਿਆਂ ਦੇ ਮਾਮਲੇ ’ਚ ਸਾਰੇ 12 ਮੁਲਜ਼ਮਾਂ ਨੂੰ ਬਰੀ ਕਰਨ ਦੇ ਬੰਬੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਮਹਾਰਾਸ਼ਟਰ ਸਰਕਾਰ ਦੀ ਅਪੀਲ ’ਤੇ 24 ਜੁਲਾਈ ਨੂੰ ਸੁਣਵਾਈ ਕਰੇਗੀ। ਲਗਪਗ 19 ਸਾਲ ਪਹਿਲਾਂ ਹੋਏ ਰੇਲ ਧਮਾਕਿਆਂ ’ਚ 180 ਤੋਂ ਵੱਧ ਲੋਕ ਮਾਰੇ ਗਏ ਸਨ ਤੇ ਕਈ ਜ਼ਖਮੀ ਹੋਏ ਸਨ।
ਚੀਫ਼ ਜਸਟਿਸ ਬੀ.ਆਰ. ਗਵਈ, ਜਸਟਿਸ ਕੇ. ਵਿਨੋਦ ਚੰਦਰਨ ਤੇ ਜਸਟਿਸ ਐੱਨ.ਵੀ. ਅੰਜਾਰੀਆ ਦੇ ਬੈਂਚ ਨੇ ਅੱਜ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਬੰਬੇ ਹਾਈ ਕੋਰਟ ਦੇ 21 ਜੁਲਾਈ ਦੇ ਫ਼ੈਸਲੇ ਖ਼ਿਲਾਫ਼ ਸੂਬੇ ਦੀ ਪਟੀਸ਼ਨ ’ਚ ਤੁਰੰਤ ਸੁਣਵਾਈ ਦੀ ਅਪੀਲ ਦਾ ਨੋਟਿਸ ਲਿਆ ਅਤੇ ਕਿਹਾ ਕਿ ਇਸ ’ਤੇ ਵੀਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ।
ਮਹਿਤਾ ਨੇ ਕਿਹਾ, ‘‘ਇਹ ਗੰਭੀਰ ਮਾਮਲਾ ਹੈ। ਸਪੈਸ਼ਲ ਲੀਵ ਅਪੀਲ ਤਿਆਰ ਹੈ। ਕ੍ਰਿਪਾ ਕਰਕੇ ਇਸ ਨੂੰ ਕੱਲ੍ਹ ਲਈ ਸੂਚੀਬੱਧ ਕਰੋ। ਮਾਮਲਾ ਜ਼ਰੂਰੀ ਹੈ। ਹਾਲੇ ਵੀ ਕੁਝ ਅਹਿਮ ਪਹਿਲੂਆਂ ’ਤੇ ਗੌਰ ਕੀਤਾ ਜਾਣਾ ਬਾਕੀ ਹੈ।’’
ਦੱਸਣਯੋਗ ਹੈ ਕਿ ਬੰਬੇ ਹਾਈ ਕੋਰਟ ਨੇ ਲੰਘੇ ਦਿਨ ਸਾਰੇ 12 ਮੁਲਜ਼ਮਾਂ ਨੂੰ ਇਹ ਕਹਿੰਦਿਆਂ ਬਰੀ ਕਰ ਦਿੱਤਾ ਸੀ ਕਿ ਸਰਕਾਰੀ ਧਿਰ ਉਨ੍ਹਾਂ ਖ਼ਿਲਾਫ਼ ਦੋਸ਼ ਸਾਬਤ ਕਰਨ ’ਚ ਅਸਫ਼ਲ ਰਹੀ ਹੈ ਅਤੇ ਯਕੀਨ ਕਰਨਾ ਮੁਸ਼ਕਲ ਹੈ ਕਿ ਮੁਲਜ਼ਮਾਂ ਨੇ ਅਪਰਾਧ ਕੀਤਾ ਹੈ। -ਪੀਟੀਆਈ
ਵਿਸ਼ੇਸ਼ ਅਦਾਲਤ ਵੱਲੋਂ ਬਰੀ ਵਿਅਕਤੀ ਨੇ ਸਿਟ ਤੋਂ ਮੁੜ ਜਾਂਚ ਮੰਗੀ
ਮੁੰਬਈ: ਮੁੰਬਈ ਰੇਲ ਬੰਬ ਧਮਾਕਿਆਂ ਦੇ ਮਾਮਲੇ ’ਚ ਵਿਸ਼ੇਸ਼ ਅਦਾਲਤ ਵੱਲੋਂ ਬਰੀ ਕੀਤੇ ਗਏ ਇਕਲੌਤੇ ਵਿਅਕਤੀ ਅਬਦੁਲ ਵਾਹਿਦ ਸ਼ੇਖ ਨੇ ਅੱਜ ਮਾਮਲੇ ਦੀ ਮੁੜ ਜਾਂਚ ਲਈ ਹਾਈ ਕੋਰਟ ਦੇ ਜੱਜ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕਾਇਮ ਕਰਨ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਵੱਲੋਂ ਸ਼ੇਖ ਨੂੰ ਗ੍ਰਿਫ਼ਤਾਰ ਕਰਨ ਦੇ ਨੌਂ ਸਾਲਾਂ ਮਗਰੋਂ 2015 ’ਚ ਇੱਕ ਵਿਸ਼ੇਸ਼ ਅਦਾਲਤ ਨੇ ਉਸ ਨੂੰ ਲੜੀਵਾਰ ਧਮਾਕਿਆਂ ਦੇ ਮਾਮਲੇ ਨਾਲ ਸਬੰਧਤ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਸੀ। ਸ਼ੇਖ ਨੇ ਜੇਲ੍ਹ ’ਚ ਰਹਿੰਦਿਆਂ ‘ਬੇਗੁਨਾਹ ਕੈਦੀ’ ਨਾਮੀ ਕਿਤਾਬ ਵੀ ਲਿਖੀ ਸੀ। ਸ਼ੇਖ ਨੇ ਆਖਿਆ, ‘‘ਸਰਕਾਰ ਨੂੰ ਹਾਈ ਕੋਰਟ ਦੇ ਜੱਜ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਬਣਾ ਕੇ ਮਾਮਲੇ ਦੀ ਮੁੜ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਰੇਲ ਬੰਬ ਧਮਾਕਿਆਂ ਦੇ ਅਸਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਈ ਜਾ ਸਕੇ।’’ ਉਸ ਨੇ ਇਹ ਮੰਗ ਵੀ ਕੀਤੀ ਕਿ ਕਥਿਤ ਗਲਤ ਜਾਂਚ ਲਈ ਏਟੀਐੱਸ ਮੁਆਫ਼ੀ ਮੰਗੇ ਅਤੇ ਬੇਕਸੂਰ ਹੋਣ ਦੇ ਬਾਵਜੂਦ 19 ਸਾਲ ਜੇਲ੍ਹ ’ਚ ਬਿਤਾਉਣ ਵਾਲੇ 12 ਵਿਅਕਤੀਆਂ ਨੂੰ 19 ਕਰੋੜ ਰੁਪਏ ਮੁਆਵਜ਼ਾ, ਸਰਕਾਰੀ ਨੌਕਰੀ ਤੇ ਮਕਾਨ ਦਿੱਤਾ ਜਾਵੇ। ਸ਼ੇਖ ਨੇ ਆਖਿਆ, ‘‘ਭਾਵੇਂ ਬਹੁਤ ਦੇਰ ਨਾਲ ਹੀ ਸਹੀ, ਪਰ ਅੰਤ ਇਨ੍ਹਾਂ ਲੋਕਾਂ ਨੂੰ ਇਨਸਾਫ਼ ਮਿਲਿਆ ਹੈ। ਹਾਈ ਕੋਰਟ ਦੇ ਫ਼ੈਸਲੇ ਨੇ ਏਟੀਐੱਸ ਦੇ ਝੂਠ ਨੂੰ ਨਸ਼ਰ ਕੀਤਾ ਹੈ।’’ -ਪੀਟੀਆਈ