ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ 6,400 ਹੋਰ ਸ਼ਰਧਾਲੂ ਰਵਾਨਾ
ਜੰਮੂ, 4 ਜੁਲਾਈ
ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ 6,400 ਤੋਂ ਵੱਧ ਸ਼ਰਧਾਲੂਆਂ ਦਾ ਤੀਜਾ ਜਥਾ ਅੱਜ ਦੋ ਵੱਖ ਵੱਖ ਕਾਫ਼ਲਿਆਂ ’ਚ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਕਰੀਬ 14 ਹਜ਼ਾਰ ਸ਼ਰਧਾਲੂ 3,880 ਮੀਟਰ ਦੀ ਉਚਾਈ ’ਤੇ ਬਣੀ ਪਵਿੱਤਰ ਗੁਫ਼ਾ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤੀਜੇ ਬੈਚ ’ਚ 4,723 ਪੁਰਸ਼, 1,071 ਔਰਤਾਂ, 37 ਬੱਚੇ ਅਤੇ 580 ਸਾਧੂ ਤੇ ਸਾਧਵੀਆਂ ਸ਼ਾਮਲ ਹਨ ਜੋ ਇਥੋਂ ਅੱਜ ਤੜਕੇ ਸਵਾ ਤਿੰਨ ਅਤੇ ਚਾਰ ਵਜੇ 291 ਵਾਹਨਾਂ ’ਚ ਸਵਾਰ ਹੋ ਕੇ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਏ ਹਨ। ਕਾਫ਼ਲਿਆਂ ਦੀ ਸੁਰੱਖਿਆ ’ਚ ਸੀਆਰਪੀਐੱਫ ਦੇ ਜਵਾਨ ਤਾਇਨਾਤ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਯਾਤਰਾ ਨੂੰ ਝੰਡੀ ਦਿਖਾਈ ਸੀ ਅਤੇ ਉਸ ਸਮੇਂ ਤੋਂ ਲੈ ਕੇ ਜੰਮੂ ਬੇਸ ਕੈਂਪ ਤੋਂ ਵਾਦੀ ਲਈ 17,549 ਸ਼ਰਧਾਲੂ ਰਵਾਨਾ ਹੋ ਚੁੱਕੇ ਹਨ। ਭਗਵਤੀ ਨਗਰ ਬੇਸ ਕੈਂਪ ਬਹੁ-ਪਰਤੀ ਸੁਰੱਖਿਆ ਕਵਰ ਅਧੀਨ ਹੈ। ਹੁਣ ਤੱਕ ਯਾਤਰਾ ਲਈ ਸਾਢੇ ਤਿੰਨ ਲੱਖ ਤੋਂ ਵੱਧ ਵਿਅਕਤੀਆਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਹੈ। ਜੰਮੂ ’ਚ ਸ਼ਰਧਾਲੂਆਂ ਦੇ ਰਹਿਣ ਲਈ 34 ਕੇਂਦਰ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਰੇਡੀਓ ਫ੍ਰੀਕੁਐਂਸੀ ਆਇਡੈਂਟੀਫਿਕੇਸ਼ਨ ਟੈਗ ਵੀ ਜਾਰੀ ਕੀਤੇ ਗਏ ਹਨ। ਸ਼ਰਧਾਲੂਆਂ ਦੀ ਮੌਕੇ ’ਤੇ ਹੀ ਰਜਿਸਟਰੇਸ਼ਨ ਲਈ 12 ਕਾਊਂਟਰ ਵੀ ਸਥਾਪਤ ਕੀਤੇ ਗਏ ਹਨ। ਪਹਿਲਗਾਮ ’ਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਦੇ ਬਾਵਜੂਦ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਹੈ ਅਤੇ ਸਖ਼ਤ ਸੁਰੱਖਿਆ ਹੇਠ ਯਾਤਰਾ ਜਾਰੀ ਹੈ। -ਪੀਟੀਆਈ