ਤਰਨ ਤਾਰਨ ’ਚ 61 ਫ਼ੀਸਦ ਵੋਟਿੰਗ
ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਅੱਜ ਪਈਆਂ ਵੋਟਾਂ ਵਿੱਚ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਵੋਟਿੰਗ ਦਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ| ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਹੋਵੇਗੀ।
ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਸ਼ਾਮ 6 ਵਜੇ ਤੱਕ 60.95 ਪੋਲਿੰਗ ਹੋਈ ਹੈ| ਹਲਕੇ ਦੇ ਕਿਸੇ ਹਿੱਸੇ ਤੋਂ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਹਾਕਮ ਧਿਰ ਦੇ ਵਰਕਰਾਂ ’ਤੇ ਅਕਾਲੀ ਵਰਕਰਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਪ੍ਰੇਸ਼ਾਨ ਕਰਨ, ਪੁਲੀਸ ’ਤੇ ਪੋਲਿੰਗ ਕੇਂਦਰਾਂ ਦੇ ਬਾਹਰ ਉਨ੍ਹਾਂ ਦੇ ਵਰਕਰਾਂ ਦੀ ਤਲਾਸ਼ੀ ਆਦਿ ਲੈਣ ਦੇ ਦੋਸ਼ ਲਗਾਏ ਹਨ| ਚੋਣ ਵਿੱਚ ਭਾਵੇਂ 15 ਉਮੀਦਵਾਰ ਮੈਦਾਨ ਵਿੱਚ ਹਨ ਪਰ ਪੋਲਿੰਗ ਕੇਂਦਰਾਂ ਦੇ ਬਾਹਰ ਵਧੇਰੇ ਥਾਵਾਂ ’ਤੇ ਹਾਕਮ ਧਿਰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ‘ਵਾਰਸ ਪੰਜਾਬ ਦੇ’ ਦੇ ਸਮਰਥਕਾਂ ਦੇ ਵਰਕਰਾਂ ਦੇ ਹੀ ਬੂਥ ਦੇਖੇ ਗਏ| ਮੁਕਾਬਲੇ ’ਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ, ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ, ਕਾਂਗਰਸ ਪਾਰਟੀ ਦੇ ਕਰਨਬੀਰ ਸਿੰਘ ਬੁਰਜ, ਭਾਜਪਾ ਦੇ ਹਰਜੀਤ ਸਿੰਘ ਸੰਧੂ, ‘ਵਾਰਸ ਪੰਜਾਬ ਦੇ’ ਦੇ ਮਨਦੀਪ ਸਿੰਘ ਸਮੇਤ ਹੋਰ ਸ਼ਾਮਲ ਹਨ| ‘ਆਪ’ ਲਈ ਇਹ ਚੋਣ ਸਖਤ ਪ੍ਰੀਖਿਆ ਹੈ| ਇਸ ਹਲਕੇ ਤੋਂ 2022 ਦੀ ਵਿਧਾਨ ਸਭਾ ਦੀ ਚੋਣ ਵਿੱਚ ‘ਆਪ’ ਉਮੀਦਵਾਰ ਮਰਹੂਮ ਡਾ. ਕਸ਼ਮੀਰ ਸਿੰਘ ਸੋਹਲ ਨੇ ਆਪਣੇ ਵਿਰੋਧੀ ਨੂੰ 13 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ; ਪਾਰਟੀ 2024 ਦੀ ਲੋਕ ਸਭਾ ਦੀ ਚੋਣ ਵਿੱਚ 24 ਹਜ਼ਾਰ ਵੋਟਾਂ ਦੇ ਫਰਕ ਨਾਲ ਪਿੱਛੇ ਰਹੀ ਸੀ| ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਵੋਟਾਂ ਦਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਨ ਲਈ ਚੋਣ ਅਮਲੇ ਤੋਂ ਇਲਾਵਾ ਜ਼ਿਲ੍ਹਾ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ| ਵੋਟਿੰਗ ਮਸ਼ੀਨਾਂ ਮਾਈ ਭਾਗੋ ਇੰਟਰ ਨੈਸ਼ਨਲ ਕਾਲਜ ਆਫ ਨਰਸਿੰਗ ਪਿੱਦੀ ਵਿੱਚ ਰੱਖੀਆਂ ਗਈਆਂ ਹਨ|
