1965 ਦੀ ਭਾਰਤ-ਪਾਕਿਸਤਾਨ ਜੰਗ ’ਚ ‘ਜਿੱਤ ਦੇ 60 ਸਾਲ’
ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਊਥ ਬਲਾਕ ਨਵੀਂ ਦਿੱਲੀ ਵਿੱਚ ਸਾਬਕਾ ਸੈਨਿਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
13 ਪੰਜਾਬ ਰੈਜੀਮੈਂਟ ਦੇ ਕਰਨਲ ਐੱਚਸੀ ਸ਼ਰਮਾ (ਸੇਵਾਮੁਕਤ) ਨੇ ਲਾਹੌਰ ਨੇੜੇ ਇੱਕ ਉਦਯੋਗਿਕ ਸ਼ਹਿਰ ਡੋਗਰਾਈ ਲਈ ਭਿਆਨਕ ਲੜਾਈ ਨੂੰ ਯਾਦ ਕੀਤਾ, ਜਿਸ ਨੂੰ 1965 ਦੀ ਜੰਗ ਦੌਰਾਨ ਪਾਕਿਸਤਾਨੀ ਫੌਜਾਂ ਦੁਆਰਾ ਕਿਲਾਬੰਦ ਕੀਤਾ ਗਿਆ ਸੀ।
ਤਜਰਬੇ ਸਾਂਝਾ ਕਰਦਿਆਂ ਸ਼ਰਮਾ ਨੇ ਕਿਹਾ, ‘‘ਸਾਡੀ ਕੰਪਨੀ ਪਹਿਲਾਂ ਹੀ ਸ਼ੁਰੂਆਤੀ ਲਾਈਨ ਪਾਰ ਕਰ ਚੁੱਕੀ ਸੀ, ਪਰ ਦੁਸ਼ਮਣ ਕੰਕਰੀਟ ਦੇ ਪਿਲਬੌਕਸਾਂ ਵਿੱਚ ਲੁਕਿਆ ਹੋਇਆ ਸੀ ਅਤੇ ਲਗਾਤਾਰ ਗੋਲੀਬਾਰੀ ਕਰ ਰਿਹਾ ਸੀ, ਜਿਸ ਕਾਰਨ ਅਸੀਂ ਅੱਗੇ ਨਹੀਂ ਜਾ ਸਕਦੇ ਸੀ। ਹਨੇਰੇ ਵਿੱਚ ਅਸੀਂ ਉਨ੍ਹਾਂ ਦੇ ਟਿਕਾਣਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਸ਼ਾਨਾ ਨਹੀਂ ਬਣਾ ਸਕੇ, ਮੈਂ ਟੈਂਕ ਮਦਦ ਲਈ ਅਪੀਲ ਕੀਤੀ। ਸਾਡੇ ਸੀਓ ਨੇ ਸਾਨੂੰ ਕੁਝ ਸਮੇਂ ਲਈ ਰੁਕਣ ਦਾ ਹੁਕਮ ਦਿੱਤਾ। ਲਾਈਨ ਪਾਰ ਕਰਨ ਤੋਂ ਬਾਅਦ ਸਾਡੇ ਕੋਲ ਇੱਕੋ-ਇੱਕ ਵਿਕਲਪ ਲੜਨਾ ਜਾਂ ਮਰਨਾ ਸੀ।’’
ਉਨ੍ਹਾਂ ਦੱਸਿਆ ਕਿ ਦੋ ਤਣਾਅਪੂਰਨ ਘੰਟਿਆਂ ਬਾਅਦ ਭਾਰਤੀ ਟੈਂਕ ਪਹੁੰਚੇ, ਜਿਸ ਨਾਲ ਰੈਜੀਮੈਂਟ ਅੱਗੇ ਵਧਣ ਦੇ ਯੋਗ ਹੋ ਗਈ। ਸ਼ਰਮਾ ਨੇ ਕਿਹਾ, ‘‘ਅਸੀਂ ਹਮਲਾ ਕਰਦਿਆਂ ਡੋਗਰਾਈ ’ਤੇ ਕਬਜ਼ਾ ਕਰ ਲਿਆ। ਉਸ ਕਾਰਵਾਈ ਵਿੱਚ ਅਸੀਂ ਦੋ ਪਾਕਿਸਤਾਨੀ ਟੈਂਕ, ਸੱਤ ਮਸ਼ੀਨ ਗਨ ਅਤੇ ਕਈ ਹੋਰ ਹਥਿਆਰ ਜ਼ਬਤ ਕੀਤੇ।’’
52-ਮਾਊਂਟੇਨ ਰੈਜੀਮੈਂਟ ਦੇ ਸੇਵਾਮੁਕਤ ਆਨਰੇਰੀ ਕੈਪਟਨ ਜਗਧੀਰ ਸਿੰਘ, ਜੋ ਕਿ ਟਿਥਵਾਲ ਸੈਕਟਰ ਵਿੱਚ ਤਾਇਨਾਤ ਸਨ, ਨੇ 1965 ਦੀ ਭਾਰਤ-ਪਾਕਿ ਜੰਗ ਦੌਰਾਨ ਹੋਈਆਂ ਭਿਆਨਕ ਲੜਾਈਆਂ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ, ‘‘ਪਾਕਿਸਤਾਨੀ ਪੀਟੀ ਗਰਾਊਂਡ ਪੋਸਟ ਟਿਥਵਾਲ ਵਿੱਚ ਤਾਇਨਾਤ ਸੀ। ਸਾਡੀ ਰੈਜੀਮੈਂਟ ਨੇ ਤੋਪਖਾਨੇ ਦੀ ਗੋਲੀਬਾਰੀ ਵਿੱਚ ਮਦਦ ਮੁਹੱਈਆ ਕਰਵਾਈ ਕਿਉਂਕਿ 1 ਸਿੱਖ ਅਲਫ਼ਾ ਕੰਪਨੀ ਨੇ ਇਸ ’ਤੇ ਕਬਜ਼ਾ ਕਰਨ ਲਈ ਅੱਧੀ ਰਾਤ ਨੂੰ ਹਮਲਾ ਕੀਤਾ ਸੀ। ਦੁਸ਼ਮਣ ਨੇ ਜਵਾਬੀ ਹਮਲਾ ਕੀਤਾ ਪਰ ਉਸ ਨੂੰ ਭਜਾ ਦਿੱਤਾ ਗਿਆ। ਸਾਡੇ ਕੋਲ ਕਿਸ਼ਨਗੰਗਾ ਨਦੀ ਦੇ ਸਸਪੈਂਸ਼ਨ ਪੁਲ ਦਾ ਸਪੱਸ਼ਟ ਦ੍ਰਿਸ਼ ਸੀ, ਜੋ ਦੁਸ਼ਮਣ ਦੀ ਸਪਲਾਈ ਲਈ ਬਹੁਤ ਜ਼ਰੂਰੀ ਸੀ। ਸਾਡੀ ਰੈਜੀਮੈਂਟ ਨੇ ਇਸ ਨੂੰ ਰਾਕੇਟ ਲਾਂਚਰਾਂ ਨਾਲ ਤਬਾਹ ਕਰ ਦਿੱਤਾ, ਸੰਜੋਈ, ਮੀਰਪੁਰ ਅਤੇ ਨੇੜਲੀਆਂ ਚੌਕੀਆਂ ਨੂੰ ਸਪਲਾਈ ਬੰਦ ਕਰ ਦਿੱਤੀ।’’
ਉਨ੍ਹਾਂ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਦੱਸਿਆ, ‘‘2-3 ਸਤੰਬਰ ਨੂੰ ਗੋਰਖਾ ਬਟਾਲੀਅਨ ਨੇ ਸੰਜੋਈ ਚੌਕੀ ’ਤੇ ਭਾਰੀ ਗੋਲਾਬਾਰੀ ਕੀਤੀ, ਜਿਸ ਵਿੱਚ ਭਾਰੀ ਜਾਨੀ ਨੁਕਸਾਨ ਹੋਇਆ ਅਤੇ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਜ਼ਬਤ ਕੀਤਾ ਗਿਆ। ਦੁਸ਼ਮਣ ਮੀਰਪੁਰ ਪਿੰਡ ਵੱਲ ਭੱਜ ਗਿਆ ਪਰ 10-11 ਸਤੰਬਰ ਤੱਕ ਸਾਡੇ ਗੋਰਖਾਵਾਂ ਨੇ ਇਸ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਸਾਡੀ ਹਿੰਮਤ ਲਈ, ਸਾਡੀ ਰੈਜੀਮੈਂਟ ਨੂੰ ਫ਼ੌਜ ਦੇ ਮੁਖੀ ਤੋਂ ਪ੍ਰਸ਼ੰਸਾ ਮਿਲੀ।’’
1965 ਦੀ ਭਾਰਤ-ਪਾਕਿਸਤਾਨ ਜੰਗ ਨੂੰ ਯਾਦ ਕਰਦਿਆਂ 1 ਡੋਗਰਾ ਰੈਜੀਮੈਂਟ ਦੇ ਮੇਜਰ ਸੁਦਰਸ਼ਨ ਸਿੰਘ (ਸੇਵਾਮੁਕਤ) ਨੇ ਦੱਸਿਆ ਕਿ ਕਿਵੇਂ ਭਾਰਤੀ ਫੌਜੀਆਂ ਨੇ ਪਾਕਿਸਤਾਨੀ ਜੰਗੀ ਟੈਂਕਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਦੱਸਿਆ, ‘‘ਇੱਕ ਰਾਤ ਸਾਡੇ ਕਮਾਂਡਿੰਗ ਅਫਸਰ ਨੂੰ ਖੁਫੀਆ ਜਾਣਕਾਰੀ ਮਿਲੀ ਕਿ 14 ਪਾਕਿਸਤਾਨੀ ਟੈਂਕ ਹਰਵਾਰ ਵਿੱਚ ਇਕੱਠੇ ਹੋ ਗਏ ਹਨ। ਉਹ ਆਮ ਤੌਰ ’ਤੇ ਰਾਤ ਨੂੰ ਨਹੀਂ ਹਿੱਲਦੇ ਸਨ ਅਤੇ ਇੱਕ ਜਗ੍ਹਾ ’ਤੇ ਇਕੱਠੇ ਹੋ ਜਾਂਦੇ ਸਨ।
ਸੁਦਰਸ਼ਨ ਸਿੰਘ ਨੇ ਦੱਸਿਆ ਕਿ ਕਿਵੇਂ ਰੈਜੀਮੈਂਟ ਨੇ ਆਪਣੇ ਫਾਇਦੇ ਲਈ ਜ਼ਮੀਨ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ, ‘‘ਨੇੜੇ ਹੀ ਇੱਕ ਨਹਿਰ ਵਗਦੀ ਸੀ, ਜਿਸ ਨੂੰ ਤੋੜ ਕੇ ਅਸੀਂ ਇਲਾਕੇ ਵਿੱਚ ਪਾਣੀ ਭਰ ਦਿੱਤਾ, ਜਿਸ ਕਾਰਨ ਟੈਂਕਾਂ ਨੂੰ ਗਤੀਹੀਣ ਕਰ ਦਿੱਤਾ ਗਿਆ। ਜਿਵੇਂ ਹੀ ਉਹ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਹੇ ਸਨ, ਸਾਡੀ ਪਲਟਨ ਨੇ ਗੋਲੀਬਾਰੀ ਕੀਤੀ। ਦੁਸ਼ਮਣ ਆਪਣੇ ਟੈਂਕ ਛੱਡ ਕੇ ਭੱਜ ਗਏ।’’
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਰਾਤ ਨੂੰ ਨਵੀਂ ਦਿੱਲੀ ਦੇ ਸਾਊਥ ਬਲਾਕ ਵਿੱਚ ਫ਼ੌਜ ਦੁਆਰਾ ਪਾਕਿਸਤਾਨ ’ਤੇ ਭਾਰਤ ਦੀ ਜਿੱਤ ਦੀ ਡਾਇਮੰਡ ਜੁਬਲੀ ਮਨਾਉਣ ਲਈ ਕਰਵਾਏ ਇੱਕ ਸਮਾਗਮ ਵਿੱਚ ਬਹਾਦਰ ਸਾਬਕਾ ਸੈਨਿਕਾਂ ਅਤੇ 1965 ਦੇ ਯੁੱਧ ਦੇ ਸ਼ਹੀਦ ਨਾਇਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ।
ਰੱਖਿਆ ਮੰਤਰਾਲੇ ਤੋਂ ਇੱਕ ਅਧਿਕਾਰਤ ਰਿਲੀਜ਼ ਦੇ ਅਨੁਸਾਰ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ 60 ਸਾਲ ਪਹਿਲਾਂ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ ਅਤੇ ਇਹ ਯਕੀਨੀ ਬਣਾਇਆ ਕਿ ਭਾਰਤ ਨੂੰ ਜਿੱਤ ਪ੍ਰਾਪਤ ਹੋਵੇ।
ਰਾਜਨਾਥ ਸਿੰਘ ਨੇ ਕਿਹਾ, ‘‘ਪਾਕਿਸਤਾਨ ਨੇ ਸੋਚਿਆ ਸੀ ਕਿ ਉਹ ਘੁਸਪੈਠ, ਗੁਰੀਲਾ ਰਣਨੀਤੀਆਂ ਅਤੇ ਅਚਾਨਕ ਹਮਲਿਆਂ ਰਾਹੀਂ ਸਾਨੂੰ ਡਰਾ ਸਕਦਾ ਹੈ, ਪਰ ਉਸ ਨੂੰ ਬਹੁਤ ਘੱਟ ਪਤਾ ਸੀ ਕਿ ਹਰ ਭਾਰਤੀ ਸਿਪਾਹੀ ਇਸ ਭਾਵਨਾ ਨਾਲ ਮਾਤ ਭੂਮੀ ਦੀ ਸੇਵਾ ਕਰਦਾ ਹੈ ਕਿ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨਾਲ ਕਦੇ ਵੀ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ।’’
ਰਾਜਨਾਥ ਸਿੰਘ ਨੇ 1965 ਦੀ ਜੰਗ ਦੌਰਾਨ ਲੜੀਆਂ ਗਈਆਂ ਵੱਖ-ਵੱਖ ਲੜਾਈਆਂ ਦੌਰਾਨ ਭਾਰਤੀ ਸੈਨਿਕਾਂ ਵੱਲੋਂ ਦਿਖਾਈ ਗਈ ਬੇਮਿਸਾਲ ਬਹਾਦਰੀ ਅਤੇ ਦੇਸ਼ ਭਗਤੀ ਨੂੰ ਉਜਾਗਰ ਕੀਤਾ, ਜਿਸ ਵਿੱਚ ਆਸਲ ਉੱਤਰ ਦੀ ਲੜਾਈ, ਚਵਿੰਡਾ ਦੀ ਲੜਾਈ ਅਤੇ ਫਿਲੋਰਾ ਦੀ ਲੜਾਈ ਸ਼ਾਮਲ ਹੈ।
ਉਨ੍ਹਾਂ ਪਰਮ ਵੀਰ ਚੱਕਰ ਪੁਰਸਕਾਰ ਜੇਤੂ ਕੰਪਨੀ ਕੁਆਰਟਰ ਮਾਸਟਰ ਹੌਲਦਾਰ ਅਬਦੁਲ ਹਮੀਦ ਦੀ ਅਦੁੱਤੀ ਭਾਵਨਾ ਅਤੇ ਬਹਾਦਰੀ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਨ੍ਹਾਂ ਨੇ ਆਸਲ ਉੱਤਰ ਦੀ ਲੜਾਈ ਦੌਰਾਨ ਲਗਤਾਰ ਮਸ਼ੀਨ ਗੰਨ ਅਤੇ ਟੈਂਕ ਫਾਇਰ ਨਾਲ ਗੋਲੀਆਂ ਵਰਾਉਂਦਿਆਂ ਦੁਸ਼ਮਣ ਦੇ ਕਈ ਟੈਂਕਾਂ ਨੂੰ ਤਬਾਹ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ।