ਸੀ ਬੀ ਆਈ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ 60 ਮਾਮਲੇ ਬਕਾਇਆ
ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ ਵੀ ਸੀ) ਦੀ ਤਾਜ਼ਾ ਰਿਪੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ। ਰਿਪੋਰਟ ਮੁਤਾਬਕ 31 ਦਸੰਬਰ 2024 ਤੱਕ ਸੀ ਬੀ ਆਈ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ 60 ਮਾਮਲੇ ਬਕਾਇਆ ਪਏ ਹਨ, ਜਿਨ੍ਹਾਂ ’ਚੋਂ 22 ਕੇਸ ਚਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਲਟਕੇ ਹੋਏ ਹਨ। ਸੀ ਵੀ ਸੀ ਨੇ 2024 ਦੀ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ, ‘ਸੀ ਬੀ ਆਈ ਅਧਿਕਾਰੀਆਂ ਖ਼ਿਲਾਫ਼ ਬਕਾਇਆ ਮਾਮਲੇ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਦੀ ਸਾਖ ਅਤੇ ਅਕਸ ਨੂੰ ਪ੍ਰਭਾਵਿਤ ਕਰਦੇ ਹਨ।’ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਬਕਾਇਆ ਪਏ ਮਾਮਲਿਆਂ ’ਚੋਂ 39 ਕੇਸ ਗਰੁੱਪ ‘ਏ’ ਅਧਿਕਾਰੀਆਂ ਨਾਲ ਸਬੰਧਤ ਹਨ, ਜਦਕਿ 21 ਕੇਸ ਗਰੁੱਪ ‘ਬੀ’ ਅਤੇ ‘ਸੀ’ ਦੇ ਅਧਿਕਾਰੀਆਂ ਨਾਲ ਜੁੜੇ ਹੋਏ ਹਨ। ਸੀ ਵੀ ਸੀ ਭ੍ਰਿਸ਼ਟਾਚਾਰ ਰੋਕਥਾਮ ਐਕਟ 1988 ਤਹਿਤ ਕਥਿਤ ਤੌਰ ’ਤੇ ਕੀਤੇ ਗਏ ਅਪਰਾਧਾਂ ਦੀ ਜਾਂਚ ਸਬੰਧੀ ਸੀ ਬੀ ਆਈ ਦੀ ਨਿਗਰਾਨੀ ਕਰਦਾ ਹੈ। ਰਿਪੋਰਟ ਅਨੁਸਾਰ ਦੇਸ਼ ਭਰ ਦੀਆਂ 46 ਵੱਖ-ਵੱਖ ਸੰਸਥਾਵਾਂ ਵਿੱਚ 200 ਕੇਸਾਂ ਵਿੱਚ ਭ੍ਰਿਸ਼ਟ ਸਰਕਾਰੀ ਅਧਿਕਾਰੀਆਂ ’ਤੇ ਮੁਕੱਦਮਾ ਚਲਾਉਣ ਲਈ ਪ੍ਰਵਾਨਗੀ ਪੈਂਡਿੰਗ ਹੈ। ਇਨ੍ਹਾਂ ’ਚੋਂ 106 ਕੇਸ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਲਟਕੇ ਹੋਏ ਹਨ।