ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਅੱਗ ਲੱਗਣ ਨਾਲ 6 ਮਰੀਜ਼ਾਂ ਦੀ ਮੌਤ
ਜੈਪੁਰ ਦੇ ਸਵਾਈ ਮਾਨ ਸਿੰਘ (SMS) ਹਸਪਤਾਲ ਵਿਚ ਅੇੈਤਵਾਰ ਦੇਰ ਰਾਤੀਂ ਟਰੌਮਾ ਸੈਂਟਰ ਦੀ ਦੂਜੀ ਮੰਜ਼ਿਲ ਵਿਚ ਲੱਗੀ ਅੱਗ ਨਾਲ 6 ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੌ ਔਰਤਾਂ ਵੀ ਸ਼ਾਮਲ ਹਨ। ਟਰੌਮਾ ਸੈਂਟਰ ਦੇ ਇੰਚਾਰਜ ਡਾ.ਅਨੁਰਾਗ ਧਾਕੜ ਨੇ ਕਿਹਾ ਕਿ ਸਟੋਰੇਜ ਏਰੀਆ ਵਿਚ ਅੱਗ ਲੱਗਣ ਮੌਕੇ ਨਿਊਰੋ ਆਈਸੀਯੂ ਵਿਚ 11 ਮਰੀਜ਼ ਜ਼ੇਰੇ ਇਲਾਜ ਸਨ। ਧਾਕੜ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੀੜਤਾਂ ਦੀ ਪਛਾਣ ਪਿੰਟੂ (ਸੀਕਰ), ਦਿਲੀਪ (ਆਂਧੀ, ਜੈਪੁਰ), ਸ੍ਰੀਨਾਥ, ਰੁਕਮਨੀ, ਖੁਰਮਾ (ਸਾਰੇ ਭਰਤਪੁਰ) ਤੇ ਬਹਾਦੁਰ (ਸਾਂਗਾਨੇਰ, ਜੈਪੁਰ) ਵਜੋਂ ਦੱਸੀ ਗਈ ਹੈ।
ਡਾ.ਧਾਕੜ ਨੇ ਕਿਹਾ, ‘‘ਮਰਨ ਵਾਲਿਆਂ ਵਿਚ ਦੋ ਔਰਤਾਂ ਤੇ ਚਾਰ ਵਿਅਕਤੀ ਸ਼ਾਮਲ ਹਨ। 14 ਹੋਰਨਾਂ ਮਰੀਜ਼ਾਂ ਨੂੰ ਵੱਖੋ ਵੱਖਰੇ ਆਈਸੀਯੂ ਵਿਚ ਦਾਖ਼ਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ।’’ ਅੱਗ ਲੱਗਣ ਨਾਲ ਇਮਾਰਤ ਵਿੱਚ ਹਫੜਾ-ਦਫੜੀ ਮਚ ਗਈ, ਧੂੰਆਂ ਤੇਜ਼ੀ ਨਾਲ ਪੂਰੀ ਮੰਜ਼ਿਲ ’ਤੇ ਫੈਲ ਗਿਆ ਅਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਦਹਿਸ਼ਤ ਫੈਲ ਗਈ।
ਅੱਗ ਲੱਗਣ ਨਾਲ ਉਸ ਮੰਜ਼ਿਲ ’ਤੇ ਸਟੋਰ ਕੀਤੇ ਕਈ ਦਸਤਾਵੇਜ਼, ਆਈ.ਸੀ.ਯੂ. ਉਪਕਰਣ, ਖੂਨ ਦੇ ਨਮੂਨੇ ਦੀਆਂ ਟਿਊਬਾਂ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਹਸਪਤਾਲ ਦੇ ਸਟਾਫ਼ ਅਤੇ ਮਰੀਜ਼ਾਂ ਦੇ ਤਿਮਾਰਦਾਰਾਂ ਨੇ ਮਰੀਜ਼ਾਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਬਿਸਤਰਿਆਂ ਸਮੇਤ ਇਮਾਰਤ ਦੇ ਬਾਹਰ ਲਿਜਾਇਆ ਗਿਆ। ਅੱਗ ਬੁਝਾਊ ਦਸਤੇ ਸੂਚਨਾ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਪਹੁੰਚੇ ਅਤੇ ਦੋ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ। ਮੌਕੇ ’ਤੇ ਮੌਜੂਦ ਵਾਰਡ ਬੁਆਏ ਨੇ ਪੀਟੀਆਈ ਨੂੰ ਦੱਸਿਆ ਕਿ ਉਸ ਨੇ ਅਤੇ ਹੋਰ ਸਟਾਫ਼ ਮੈਂਬਰਾਂ ਨੇ ਅੱਗ ਦੇ ਫੈਲਣ ਤੋਂ ਪਹਿਲਾਂ ਜਿੰਨੇ ਵੀ ਲੋਕਾਂ ਨੂੰ ਬਚਾ ਸਕਦੇ ਸੀ, ਉਨ੍ਹਾਂ ਨੂੰ ਬਚਾਇਆ।
ਉਸ ਨੇ ਕਿਹਾ, ‘‘ਜਦੋਂ ਸਾਨੂੰ ਅੱਗ ਬਾਰੇ ਪਤਾ ਲੱਗਾ ਤਾਂ ਅਸੀਂ ਅਪਰੇਸ਼ਨ ਥੀਏਟਰ ਦੇ ਅੰਦਰ ਸੀ, ਇਸ ਲਈ ਅਸੀਂ ਤੁਰੰਤ ਕੇਂਦਰ ਦੇ ਅੰਦਰ ਲੋਕਾਂ ਨੂੰ ਬਚਾਉਣ ਲਈ ਭੱਜੇ। ਅਸੀਂ ਘੱਟੋ-ਘੱਟ ਤਿੰਨ ਤੋਂ ਚਾਰ ਮਰੀਜ਼ਾਂ ਨੂੰ ਬਚਾਉਣ ਵਿੱਚ ਸਫ਼ਲ ਰਹੇ। ਹਾਲਾਂਕਿ, ਜਿਵੇਂ-ਜਿਵੇਂ ਅੱਗ ਤੇਜ਼ ਹੁੰਦੀ ਗਈ, ਅਸੀਂ ਇਮਾਰਤ ਵਿੱਚ ਨਹੀਂ ਜਾ ਸਕੇ। ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ।’’
ਵਾਰਡ ਬੁਆਏ ਨੇ ਕਿਹਾ ਕਿ ਪੁਲੀਸ ਬਾਅਦ ਵਿੱਚ ਪਹੁੰਚੀ, ਪਰ ਧੂੰਏਂ ਕਾਰਨ ਉਹ ਤੁਰੰਤ ਇਮਾਰਤ ਵਿੱਚ ਦਾਖਲ ਨਹੀਂ ਹੋ ਸਕੇ। ਜਦੋਂ ਫਾਇਰ ਟੀਮ ਪਹੁੰਚੀ, ਤਾਂ ਪੂਰਾ ਵਾਰਡ ਧੂੰਏਂ ਵਿੱਚ ਘਿਰਿਆ ਹੋਇਆ ਸੀ। ਅੱਗ ਬੁਝਾਉਣ ਲਈ ਫਾਇਰ ਫਾਈਟਰਾਂ ਨੂੰ ਇਮਾਰਤ ਦੇ ਦੂਜੇ ਪਾਸੇ ਵਾਲੀ ਖਿੜਕੀ ਤੋੜਨੀ ਪਈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਰਾਜਸਥਾਨ ਦੇ ਜੈਪੁਰ ਵਿਚ ਇੱਕ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਕਾਰਨ ਹੋਇਆ ਜਾਨੀ ਨੁਕਸਾਨ ਬਹੁਤ ਦੁਖਦਾਈ ਹੈ। ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”
ਇਸ ਦੌਰਾਨ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਗਾਰਾਮ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੇਧਮ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਟਰੌਮਾ ਸੈਂਟਰ ਦਾ ਦੌਰਾ ਕੀਤਾ। ਜਦੋਂ ਪਟੇਲ ਅਤੇ ਬੇਧਮ ਸ਼ੁਰੂ ਵਿੱਚ ਪਹੁੰਚੇ, ਤਾਂ ਦੋ ਮਰੀਜ਼ਾਂ ਦੇ ਤਿਮਾਰਦਾਰਾਂ ਨੇ ਦੋਸ਼ ਲਗਾਇਆ ਕਿ ਅੱਗ ਲੱਗਣ ਮਗਰੋਂ ਸਟਾਫ ਭੱਜ ਗਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹਸਪਤਾਲ ਦਾ ਸਟਾਫ ਮਰੀਜ਼ਾਂ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਦੇ ਸਕਿਆ। ਮਗਰੋਂ ਮੌਕੇ ’ਤੇ ਪੁੱਜੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਡਾਕਟਰਾਂ ਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ।
ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਅਸ਼ੋਕ ਗਹਿਲੋਤ ਨੇ ਸਵਾਈ ਮਾਨ ਸਿੰਘ ਹਸਪਤਾਲ ਵਿਚ ਅੱਗ ਲੱਗਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਗਹਿਲੋਤ ਨੇ ਐਕਸ ’ਤੇ ਇਕ ਸੁਨੇਹੇ ਵਿਚ ਕਿਹਾ ਕਿ SMS ਹਸਪਤਾਲ ਦੇ ਟਰੌਮਾ ਸੈਂਟਰ ਦੇ ICU ਵਿੱਚ ਅੱਗ ਲੱਗਣ ਦੀ ਘਟਨਾ, ਜਿਸ ਵਿਚ 6 ਲੋਕਾਂ ਦੀ ਜਾਨ ਜਾਂਦੀ ਰਹੀ, ਦਿਲ ਦਹਿਲਾ ਦੇਣ ਵਾਲੀ ਹੈ। ਰਾਜ ਸਰਕਾਰ ਨੂੰ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਵਾਪਰਨ।’’