ਕਿਊਐੱਸ ਯੂਨੀਵਰਸਿਟੀ ਰੈਂਕਿੰਗ ਸੂਚੀ ’ਚ ਭਾਰਤ ਦੀਆਂ 54 ਵਿਦਿਅਕ ਸੰਸਥਾਵਾਂ
ਨਵੀਂ ਦਿੱਲੀ, 19 ਜੂਨ
ਸਾਲ 2026 ਦੀ ਕਿਊਐੱਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ’ਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ਨੂੰ 123ਵਾਂ ਸਥਾਨ ਮਿਲਿਆ ਹੈ। ਬੀਤੇ ਦੋ ਸਾਲਾਂ ’ਚ 70 ਤੋਂ ਵੱਧ ਸਥਾਨ ਉਪਰ ਚੜ੍ਹ ਕੇ ਆਈਆਈਟੀ ਦਿੱਲੀ ਬਿਹਤਰੀਨ ਰੈਂਕ ਹਾਸਲ ਕਰਨ ਵਾਲਾ ਭਾਰਤ ਦਾ ਪਹਿਲਾ ਵਿਦਿਅਕ ਅਦਾਰਾ ਬਣ ਗਿਆ ਹੈ। ਉਸ ਨੂੰ 123ਵੀਂ ਰੈਂਕਿੰਗ ਅਮਰੀਕਾ ਦੀ ਜੌਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਨਾਲ ਸਾਂਝੇ ਤੌਰ ’ਤੇ ਮਿਲੀ ਹੈ।
ਇਸ ਵਰ੍ਹੇ ਰੈਂਕਿੰਗ ’ਚ ਅੱਠ ਨਵੇਂ ਵਿਦਿਅਕ ਅਦਾਰੇ ਸ਼ਾਮਲ ਹੋਣ ਨਾਲ ਭਾਰਤ ਦੇ ਅਦਾਰਿਆਂ ਦੀ ਗਿਣਤੀ ਵਧ ਕੇ 54 ਹੋ ਗਈ ਹੈ ਅਤੇ ਉਹ ਅਮਰੀਕਾ (192 ਅਦਾਰੇ), ਯੂਕੇ (90 ਅਦਾਰੇ) ਅਤੇ ਚੀਨ (72) ਮਗਰੋਂ ਚੌਥੇ ਸਥਾਨ ’ਤੇ ਹੈ। ਸੂਚੀ ’ਚ ਆਈਆਈਟੀ ਮਦਰਾਸ ਨੂੰ 180ਵਾਂ, ਸ਼ੂਲਿਨੀ ਯੂਨੀਵਰਸਿਟੀ ਆਫ਼ ਬਾਇਓਟੈਕਨਾਲੋਜੀ ਐਂਡ ਮੈਨੇਜਮੈਂਟ ਸਾਇੰਸਿਜ਼ ਨੂੰ 503ਵਾਂ, ਚੰਡੀਗੜ੍ਹ ਯੂਨੀਵਰਸਿਟੀ ਨੂੰ 575ਵਾਂ ਅਤੇ ਬਿਰਲਾ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਸਾਇੰਸ ਨੂੰ 668ਵਾਂ ਸਥਾਨ ਮਿਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਰਿਕਾਰਡ 54 ਭਾਰਤੀ ਅਦਾਰਿਆਂ ਦਾ ਆਲਮੀ ਸੂਚੀ ’ਚ ਆਉਣਾ ਮੁਲਕ ਦੇ ਸਿੱਖਿਆ ਖੇਤਰ ਲਈ ਖੁਸ਼ਖਬਰੀ ਹੈ। ਮੋਦੀ ਨੇ ‘ਐਕਸ’ ’ਤੇ ਲਿਖਿਆ, ‘‘ਸਾਡੀ ਸਰਕਾਰ ਭਾਰਤੀ ਨੌਜਵਾਨਾਂ ਦੇ ਲਾਹੇ ਲਈ ਖੋਜ ਅਤੇ ਕਾਢਾਂ ਸਬੰਧੀ ਪ੍ਰਣਾਲੀਆਂ ਕਾਇਮ ਕਰਨ ਪ੍ਰਤੀ ਵਚਨਬੱਧ ਹੈ।’’ ਆਈਆਈਟੀ ਬਾਂਬੇ 118ਵੇਂ ਤੋਂ ਫਿਸਲ ਕੇ 129ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਕਿਊਐੱਸ ਦੀ ਸੀਈਓ ਜੈਸਿਕਾ ਟਰਨਰ ਨੇ ਕਿਹਾ ਕਿ ਭਾਰਤ ਆਲਮੀ ਉਚੇਰੀ ਸਿੱਖਿਆ ਦੇ ਨਕਸ਼ੇ ’ਤੇ ਇਤਿਹਾਸ ਸਿਰਜ ਰਿਹਾ ਹੈ। -ਪੀਟੀਆਈ