ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਬੀਐੱਸਈ ਵੱਲੋਂ ਸਕੂਲਾਂ ਲਈ ਮਾਨਤਾ ਨਿਯਮਾਂ ’ਚ ਸੋਧ

ਸੈਕਸ਼ਨਾਂ ਦੀ ਗਿਣਤੀ ਇਮਾਰਤ ਦੇ ਖੇਤਰਫਲ ’ਤੇ ਹੋਵੇਗੀ ਨਿਰਧਾਰਤ; ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੱਧਰ ’ਤੇ ਬਰਾਬਰ ਗਿਣਤੀ ’ਚ ਸੈਕਸ਼ਨਾਂ ਦੀ ਇਜਾਜ਼ਤ
Advertisement

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਆਪਣੇ ਮਾਨਤਾ ਨਿਯਮਾਂ ’ਚ ਸੋਧ ਕਰਦਿਆਂ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਕਿਸੇ ਸਕੂਲ ’ਚ ਵੱਧ ਤੋਂ ਵੱਧ ਸੈਕਸ਼ਨਾਂ ਦੀ ਗਿਣਤੀ ਸਕੂਲ ਦੀ ਇਮਾਰਤ ਦੇ ਕੁਲ ਉਸਾਰੇ ਗਏ ਖੇਤਰਫਲ ਅਨੁਸਾਰ ਨਿਰਧਾਰਤ ਕੀਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਬੋਰਡ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਸਕੂਲਾਂ ’ਚ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੱਧਰ ’ਤੇ ਬਰਾਬਰ ਗਿਣਤੀ ’ਚ ਸੈਕਸ਼ਨਾਂ ਦੀ ਇਜਾਜ਼ਤ ਹੋਵੇਗੀ।

ਸੀਬੀਐੱਸਈ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਕਿਹਾ, ‘ਬੋਰਡ ਨੂੰ ਸਕੂਲਾਂ ਤੇ ਸਬੰਧਤ ਧਿਰਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਅਜਿਹੇ ਖੇਤਰ ਹਨ ਜਿੱਥੇ ਜ਼ਮੀਨ ਦੀ ਭਾਰੀ ਘਾਟ ਹੈ ਜਿਸ ਕਾਰਨ ਕਈ ਵਾਰ ਸਕੂਲਾਂ ਨੂੰ ਨਵੇਂ ਦਾਖਲਿਆਂ ਦੀ ਮੰਗ ਹੋਣ ਦੇ ਬਾਵਜੂਦ ਹੱਦ ਤੋਂ ਵੱਧ ਸੈਕਸ਼ਨ ਵਧਾਉਣ ’ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।’ ਉਨ੍ਹਾਂ ਕਿਹਾ, ‘ਸਕੂਲਾਂ ਨੂੰ ਨਵੇਂ ਦਾਖਲਿਆਂ ਦੇ ਦਬਾਅ ਕਾਰਨ 1:40 ਦਾ ਸੈਕਸ਼ਨ-ਵਿਦਿਆਰਥੀ ਅਨੁਪਾਤ ਪੂਰਾ ਕਰਨਾ ਵੀ ਮੁਸ਼ਕਲ ਲਗਦਾ ਹੈ। ਜ਼ਮੀਨੀ ਪੈਮਾਨਿਆਂ ਅਨੁਸਾਰ ਪ੍ਰਵਾਨਿਤ ਸੈਕਸ਼ਨਾਂ ਦੀ ਹੱਦ ਕਾਰਨ ਉਹ ਵਾਧੂ ਸੈਕਸ਼ਨ ਜੋੜਨ ਤੋਂ ਅਸਮਰੱਥ ਹਨ।’

Advertisement

ਗੁਪਤਾ ਨੇ ਦੱਸਿਆ ਕਿ ਬੋਰਡ ਨੇ ਹੁਣ ਇਹ ਵੀ ਫ਼ੈਸਲਾ ਲਿਆ ਹੈ ਕਿ ਕਿਸੇ ਸਕੂਲ ’ਚ ਵੱਧ ਤੋਂ ਵੱਧ ਸੈਕਸ਼ਨਾਂ ਦੀ ਇਜਾਜ਼ਤ ਸਕੂਲ ਦੀ ਇਮਾਰਤ ਦੇ ਕੁੱਲ ਉਸਾਰੇ ਗਏ ਖੇਤਰਫਲ ਦੇ ਆਧਾਰ ’ਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘ਸਕੂਲ ਦੀ ਇਮਾਰਤ ਦੇ ਉਸਾਰੇ ਗਏ ਖੇਤਰਫਲ ਨੂੰ ਸਥਾਨਕ ਸਰਕਾਰਾਂ ਵਿਭਾਗ ਜਾਂ ਇੱਕ ਲਾਇਸੈਂਸ ਧਾਰਕ ਆਰਕੀਟੈਕਟ ਵੱਲੋਂ ਪ੍ਰਮਾਣਿਤ ਕੀਤਾ ਜਾਣਾ ਜ਼ਰੂਰੀ ਹੈ। ਜ਼ਮੀਨ ਦੀ ਵਰਤੋਂ ਸਿਰਫ਼ ਮਾਨਤਾ ਉਪ ਨੇਮਾਂ ਅਨੁਸਾਰ ਸਕੂਲਾਂ ਦੀ ਸ਼੍ਰੇਣੀ (ਬ੍ਰਾਂਚ ਸਕੂਲ, ਮਿਡਲ ਸਕੂਲ, ਸੈਕੰਡਰੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ) ਤੈਅ ਕਰਨ ਲਈ ਕੀਤੀ ਜਾਵੇਗੀ।’

 

ਹਰ ਸਕੂਲ ’ਚ 40 ਕੰਪਿਊਟਰ ਲਾਜ਼ਮੀ

ਚੰਡੀਗੜ੍ਹ (ਟਨਸ): ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਕੂਲਾਂ ਨੂੰ ਮਾਨਤਾ ਦੇਣ ਲਈ ਕੰਪਿਊਟਰ ਤੇ ਲੈਬਾਰਟਰੀਆਂ ਬਣਾਉਣ ਲਈ ਨਿਯਮਾਂ ਵਿਚ ਬਦਲਾਅ ਕੀਤੇ ਹਨ। ਬੋਰਡ ਨੇ ਸਕੂਲਾਂ ਨੂੰ ਕਿਹਾ ਹੈ ਕਿ ਹਰ ਸਕੂਲ ਵਿੱਚ 40 ਕੰਪਿਊਟਰ ਹੋਣੇ ਲਾਜ਼ਮੀ ਹਨ। ਇਸ ਤੋਂ ਇਲਾਵਾ 720 ਵਿਦਿਆਰਥੀਆਂ ਵਾਲੇ ਸਕੂਲਾਂ ਵਿਚ ਲੈਬਾਰਟਰੀਆਂ ਹੋਣੀਆਂ ਚਾਹੀਦੀਆਂ ਹਨ। ਸੀਬੀਐੱਸਈ ਨੇ ਹਰ ਸਕੂਲ ਲਈ ਕੰਪਿਊਟਰ ਵਿਦਿਆਰਥੀ ਅਨੁਪਾਤ ਵੀ ਤੈਅ ਕਰ ਦਿੱਤਾ ਹੈ। ਹੁਣ ਹਰ 18 ਵਿਦਿਆਰਥੀਆਂ ਪਿੱਛੇ ਇਕ ਕੰਪਿਊਟਰ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਹਿਲਾਂ ਸਕੂਲਾਂ ਵਿਚ 20 ਕੰਪਿਊਟਰ ਹੋਣੇ ਜ਼ਰੂਰੀ ਸਨ ਪਰ ਬੋਰਡ ਨੇ ਕਿਹਾ ਹੈ ਕਿ ਨਵੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਸਕੂਲਾਂ ਕੋਲ ਲੋੜ ਅਨੁਸਾਰ ਪੂਰੇ ਕੰਪਿਊਟਰ ਹੋਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਅੱਠ ਸੌ ਵਿਦਿਆਰਥੀਆਂ ਲਈ ਇਕ ਲੈਬ ਜ਼ਰੂਰੀ ਸੀ।

Advertisement