ਉੱਤਰਕਾਸ਼ੀ ਦੇ ਧਰਾਲੀ ਅਤੇ ਹਰਸ਼ਿਲ ’ਚ ਰਾਹਤ ਕਾਰਜਾਂ ਦੌਰਾਨ 70 ਲੋਕਾਂ ਨੂੰ ਬਚਾਇਆ, 50 ਤੋਂ ਵੱਧ ਅਜੇ ਵੀ ਲਾਪਤਾ
ਬਚਾਏ ਗਏ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਮਤਲੀ ਲਿਜਾਇਆ ਗਿਆ ਅਤੇ ਹੁਣ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੀਆਂ ਮੰਜ਼ਿਲਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਧਰਾਲੀ ਅਤੇ ਹਰਸ਼ਿਲ ਦੇ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜ ਜਾਰੀ ਹਨ। ਭਾਰਤੀ ਸੁਰੱਖਿਆ ਅਤੇ ਆਫ਼ਤ ਪ੍ਰਬੰਧਨ ਬਲ ਬੱਦਲ ਫਟਣ ਅਤੇ ਚਿੱਕੜ ਵਾਲੀ ਘਟਨਾ ਤੋਂ ਬਾਅਦ ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਬਚਾਅ ਕਾਰਜ ਜਾਰੀ ਰੱਖ ਰਹੇ ਹਨ।
ਇਸ ਮੌਕੇ ਭਾਰਤੀ ਫੌਜ, ਐੱਨਡੀਆਰਐੱਫ, ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈ.ਟੀ.ਬੀ.ਪੀ.), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.), ਉੱਤਰਾਖੰਡ ਪੁਲੀਸ ਅਤੇ ਸਥਾਨਕ ਪ੍ਰਸ਼ਾਸਨ ਉੱਤਰਕਾਸ਼ੀ ਦੇ ਧਰਾਲੀ ਵਿੱਚ ਵੱਡੇ ਪੱਧਰ ’ਤੇ ਰਾਹਤ ਕਾਰਜ ਚਲਾ ਰਹੇ ਹਨ।
ਦੋ ਗੰਭੀਰ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਮਤਲੀ ਦੇ ਹੈਲਥ ਕੈਂਪ ਤੋਂ ਏਮਜ਼ ਰਿਸ਼ੀਕੇਸ਼ ਭੇਜਿਆ ਗਿਆ ਹੈ। ਡਿਵੀਜ਼ਨ ਕਮਿਸ਼ਨਰ ਪਾਂਡੇ ਨੇ ਕਿਹਾ, “ਸਾਡੇ ਹੈਲੀਕਾਪਟਰਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਸਾਡੀ ਪਹਿਲੀ ਤਰਜੀਹ ਗੰਗੋਤਰੀ ਧਾਮ ਤੋਂ ਸ਼ਰਧਾਲੂਆਂ ਨੂੰ ਕੱਢਣਾ ਹੈ। 9-10 ਯਾਤਰੀਆਂ ਨਾਲ ਦੋ ਉਡਾਣਾਂ ਹਰਸਿਲ ਤੋਂ ਰਵਾਨਾ ਹੋਈਆਂ ਹਨ ਅਤੇ ਕਾਰਵਾਈਆਂ ਸਾਰਾ ਦਿਨ ਜਾਰੀ ਰਹਿਣਗੀਆਂ।