26/11 Mumbai attack: ਤਿਹਾੜ ਜੇਲ੍ਹ ਅਧਿਕਾਰੀਆਂ ਵੱਲੋਂ ਤਹੱਵੁਰ ਰਾਣਾ ਦੀ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਦੀ ਮੰਗ ਦਾ ਵਿਰੋਧ
ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ 26/11 Mumbai attack ਦੇ ਮੁਲਜ਼ਮ ਤਹੱਵੁਰ ਹੁਸੈਨ ਰਾਣਾ ਦੀ ਪਰਿਵਾਰਕ ਮੈਂਬਰਾਂ ਨਾਲ ਫੋਨ ’ਤੇ ਗੱਲਬਾਤ ਦੀ ਮੰਗ ਲਈ ਦਿੱਲੀ ਦੀ ਇੱਕ ਅਦਾਲਤ ’ਚ ਦਾਇਰ ਅਪੀਲ ਦਾ ਵਿਰੋਧ ਕੀਤਾ ਹੈ। ਜੇਲ੍ਹ ਅਧਿਕਾਰੀਆਂ ਨੇ ਸੁੁਣਵਾਈ ਦੌਰਾਨ ਸਪੈਸ਼ਲ ਜੱਜ ਚੰਦਰ ਜੀਤ ਸਿੰਘ ਸਾਹਮਣੇ ਆਪਣਾ ਹਲਫਨਾਮਾ ਦਾਖਲ ਕੀਤਾ। Tahawwur Hussain Rana 26/11 ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਡੇਵਿਡ ਕੋਲਮੈਨ ਹੈਡਲੀ ਅਤੇ ਅਮਰੀਕੀ ਨਾਗਰਿਕ ਦਾਊਦ ਗਿਲਾਨੀ ਦਾ ਕਥਿਤ ਤੌਰ ’ਤੇ ਮੁੱਖ ਸਹਿਯੋਗੀ ਹੈ।
ਇੱਕ ਸੂਤਰ ਨੇ ਦੱਸਿਆ ਕਿ ਜੱਜ ਨੇ ਹਲਫ਼ਨਾਮੇ ’ਤੇ ਗੌਰ ਕੀਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ 5 ਅਗਸਤ ਨੂੰ ਤੈਅ ਕੀਤੀ।
ਦੱਸਣਯੋਗ ਹੈ ਕਿ ਰਾਣਾ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ 4 ਅਪਰੈਲ ਨੂੰ ਹਵਾਲਗੀ ਖ਼ਿਲਾਫ਼ ਉਸ ਦੀ ਨਜ਼ਰਸਾਨੀ ਪਟੀਸ਼ਨ ਰੱਦ ਕੀਤੇ ਜਾਣ ਮਗਰੋਂ ਭਾਰਤ ਲਿਆਂਦਾ ਗਿਆ ਸੀ।
ਸਾਲ 2008 ’ਚ 26 ਨਵੰਬਰ ਨੂੰ 10 ਪਾਕਿਸਤਾਨ ਦਹਿਸ਼ਤਗਰਦਾਂ ਦੇ ਗਰੁੱਪ ਨੇ ਰੇਲਵੇ ਸਟੇਸ਼ਨ, ਦੋ ਆਲੀਸ਼ਾਨ ਹੋਟਲਾਂ ਅਤੇ ਇੱਕ ਯਹੂਦੀ ਕੇਂਦਰ ’ਤੇ ਹਮਲੇ ਕੀਤੇ ਸਨ। ਇਹ ਦਹਿਸ਼ਤਗਰਦ ਸਮੁੰਦਰੀ ਮਾਰਗ ਰਾਹੀਂ ਵਿੱਤੀ ਰਾਜਧਾਨੀ ਪਹੁੰਚੇ ਸਨ। ਇਨ੍ਹਾਂ ਹਮਲਿਆਂ ’ਚ 166 ਵਿਅਕਤੀ ਮਾਰੇ ਗਏ ਸਨ।