ਮਗਨਰੇਗਾ ਰੁਜ਼ਗਾਰ ਦੇ ਦਿਨਾਂ ਵਿੱਚ 25 ਫ਼ੀਸਦ ਗਿਰਾਵਟ
ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਤਹਿਤ ਕੰਮ ਦੇ ਦਿਨਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਜਾਰੀ ਕੀਤੀ ‘ਲਿਬਟੈੱਕ ਇੰਡੀਆ’ ਦੀ ਰਿਪੋਰਟ ਮੁਤਾਬਕ ਚਾਲੂ ਵਿੱਤੀ ਵਰ੍ਹੇ (2025-26) ਦੌਰਾਨ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਰੁਜ਼ਗਾਰ ਦੇ ਦਿਨਾਂ ਵਿੱਚ 25.6 ਫੀਸਦੀ ਦੀ ਕਮੀ ਆਈ ਹੈ; ਹਾਲਾਂਕਿ ਮਜ਼ਦੂਰਾਂ ਦੇ ਨਾਮ ਕੱਟਣ ਦੇ ਰੁਝਾਨ ਨੂੰ ਠੱਲ੍ਹ ਪਈ ਹੈ। ਰਿਪੋਰਟ ਅਨੁਸਾਰ ਇਸ ਸਾਲ ਅਪਰੈਲ ਤੋਂ ਸਤੰਬਰ ਦਰਮਿਆਨ ਦੇਸ਼ ਭਰ ਵਿੱਚ 132.5 ਕਰੋੜ ਦਿਹਾੜੀਆਂ ਦਿੱਤੀਆਂ ਗਈਆਂ, ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 150.1 ਕਰੋੜ ਸਨ। 2023-24 ਦੇ ਮੁਕਾਬਲੇ ਇਹ ਗਿਰਾਵਟ 25.6 ਫੀਸਦੀ ਬਣਦੀ ਹੈ। ਮਾਹਿਰਾਂ ਨੇ ਮਗਨਰੇਗਾ ਤਹਿਤ ਰੁਜ਼ਗਾਰ ਪੈਦਾ ਕਰਨ ਵਿੱਚ ਹੋ ਰਹੀ ਇਸ ਗਿਰਾਵਟ ਨੂੰ ਚਿੰਤਾਜਨਕ ਦੱਸਿਆ ਹੈ।
ਅੰਕੜਿਆਂ ਮੁਤਾਬਕ ਸਿਰਫ਼ 8 ਸੂਬਿਆਂ ਵਿੱਚ ਰੁਜ਼ਗਾਰ ਦੇ ਦਿਨ ਵਧੇ ਹਨ ਅਤੇ 11 ਸੂਬਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਤਰਾਖੰਡ (54.3 ਫੀਸਦੀ) ਅਤੇ ਤਿਲੰਗਾਨਾ (47.6 ਫੀਸਦੀ) ਵਿੱਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ। ਝਾਰਖੰਡ ਅਤੇ ਮੱਧ ਪ੍ਰਦੇਸ਼ ਵਿੱਚ ਸੁਧਾਰ ਹੋਇਆ ਹੈ। ਪੱਛਮੀ ਬੰਗਾਲ ਵਿੱਚ ਰੁਜ਼ਗਾਰ ਦੇ ਦਿਨ ਸਿਫ਼ਰ ਰਹੇ। ਰਿਪੋਰਟ ਵਿੱਚ ਚੰਗਾ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਹੁਣ ਮਜ਼ਦੂਰਾਂ ਦੇ ਨਾਮ ਕੱਟਣ ਦੀ ਬਜਾਏ ਨਵੇਂ ਨਾਮ ਜੁੜ ਰਹੇ ਹਨ। ਅਪਰੈਲ ਤੋਂ ਸਤੰਬਰ ਦੌਰਾਨ 90 ਲੱਖ ਨਵੇਂ ਮਜ਼ਦੂਰ ਸ਼ਾਮਲ ਹੋਏ; ਸਿਰਫ਼ 11.2 ਲੱਖ ਨਾਮ ਕੱਟੇ ਗਏ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਸਿਰਫ਼ ਰਜਿਸਟ੍ਰੇਸ਼ਨ ਹੋਣਾ ਹੀ ਕਾਫ਼ੀ ਨਹੀਂ, ਅਸਲ ਮਕਸਦ ਰੁਜ਼ਗਾਰ ਮਿਲਣਾ ਹੈ।
