ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰਿਆਣਾ ’ਚ 25 ਲੱਖ ਜਾਅਲੀ ਵੋਟਾਂ ਭੁਗਤੀਆਂ: ਰਾਹੁਲ

ਚੋਣ ਕਮਿਸ਼ਨ ’ਤੇ ਭਾਜਪਾ ਨੂੰ ਜਿਤਾੳੁਣ ਦਾ ਲਾਇਆ ਦੋਸ਼
ਨਵੀਂ ਦਿੱਲੀ ’ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ:ਪੀਟੀਆਈ
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ‘ਵੋਟ ਚੋਰੀ’ ਨਾਲ ਸਬੰਧਤ ਇਕ ਹੋਰ ਹਾਈਡਰੋਜਨ ਬੰਬ ਧਮਾਕਾ ਕਰਦਿਆਂ ਅੱਜ ਦੋਸ਼ ਲਾਇਆ ਕਿ ਭਾਜਪਾ ਨੇ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ 25 ਲੱਖ ਜਾਅਲੀ ਵੋਟਾਂ ਦੇ ਆਧਾਰ ’ਤੇ ਜਿੱਤੀਆਂ ਸਨ। ਉਨ੍ਹਾਂ ਸੂਬੇ ਦੇ ਹਰ ਅੱਠ ਵੋਟਰਾਂ ਵਿੱਚੋਂ ਇੱਕ ਜਾਅਲੀ ਹੋਣ ਦਾ ਦਾਅਵਾ ਕੀਤਾ। ਚੋਣ ਕਮਿਸ਼ਨ ’ਤੇ ਫ਼ਰਜ਼ੀ ਅਤੇ ਜਾਅਲੀ ਵੋਟਰਾਂ ਦੇ ਆਧਾਰ ’ਤੇ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਨ ਦਾ ਦੋਸ਼ ਲਗਾਉਂਦਿਆਂ ਰਾਹੁਲ ਗਾਂਧੀ ਨੇ ਕੁਝ ਵੋਟਰਾਂ ਦੀਆਂ ਤਸਵੀਰਾਂ ਅਤੇ ਰਿਕਾਰਡ ਪੇਸ਼ ਕੀਤੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਜਾਅਲੀ ਸਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਭਾਜਪਾ ਨੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਬਿਹਾਰ ’ਚ ‘ਚੋਣਾਂ ਚੋਰੀ’ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਫ਼ਰਜ਼ੀ ਵੋਟਰਾਂ ਬਾਰੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਬ੍ਰਾਜ਼ੀਲੀ ਮਾਡਲ ਬਾਰੇ ਹੈ ਜਿਸ ਦੀਆਂ ਤਸਵੀਰਾਂ ਦੀ ਵਰਤੋਂ ਰਾਈ ਹਲਕੇ ਦੇ 10 ਪੋਲਿੰਗ ਬੂਥਾਂ ’ਤੇ ਕਥਿਤ ਤੌਰ ਉੱਤੇ 22 ਵਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਜਿਥੇ ਉਸ ਦਾ ਨਾਮ ‘ਸੀਮਾ, ਸਵੀਟੀ ਅਤੇ ਸਰਸਵਤੀ’ ਵਜੋਂ ਵਰਤਿਆ ਗਿਆ। ਰਾਹੁਲ ਨੇ ਇੱਕ ਹੋਰ ਮਿਸਾਲ ਦਿੱਤੀ ਜੋ ਕਥਿਤ ਤੌਰ ’ਤੇ ਹਰਿਆਣਾ ਦੀਆਂ ਵੋਟਰ ਸੂਚੀਆਂ ਵਿੱਚ 223 ਵਾਰ ਦਿਖਾਈ ਦਿੰਦੀ ਹੈ। ਕਾਂਗਰਸੀ ਆਗੂ ਨੇ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂਆਂ ਦੇ ਰਿਕਾਰਡ ਵੀ ਪੇਸ਼ ਕੀਤੇ ਜਿਨ੍ਹਾਂ ਨੇ ਹਰਿਆਣਾ ਵਿੱਚ ਵੋਟ ਪਾਈ। ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਸੂਚੀਆਂ ’ਚੋਂ ਡੁਪਲੀਕੇਟ ਵੋਟਰਾਂ ਨੂੰ ਕਿਉਂ ਨਹੀਂ ਹਟਾਉਂਦਾ? ਕਿਉਂਕਿ ਉਹ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਦੇ ਹਨ।’’ ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਜਿੱਤ ਨੂੰ ਸੁਚਾਰੂ ਬਣਾਉਣ ਲਈ ਇੱਕ ਕੇਂਦਰੀਕ੍ਰਿਤ ਯੋਜਨਾ ਚੱਲ ਰਹੀ ਸੀ। ਗਾਂਧੀ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਐਗਜ਼ਿਟ ਪੋਲਾਂ ਨੇ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਪਰ ਭਾਜਪਾ ਜਿੱਤ ਗਈ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ 6 ਅਕਤੂਬਰ, 2024 ਦਾ ਇੱਕ ਵੀਡੀਓ ਦਿਖਾਇਆ ਜਿੱਥੇ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਭਾਜਪਾ ਰਾਜ ਵਿੱਚ ਇਕਪਾਸੜ ਸਰਕਾਰ ਬਣਾ ਰਹੀ ਹੈ ਅਤੇ ਸਾਡੇ ਕੋਲ ਸਾਰੇ ਪ੍ਰਬੰਧ ਹਨ। ਚਿੰਤਾ ਨਾ ਕਰੋ।’ ਉਨ੍ਹਾਂ ਪੁੱਛਿਆ ਕਿ ਸੈਣੀ ਕਿਹੜੇ ਪ੍ਰਬੰਧਾਂ ਦਾ ਜ਼ਿਕਰ ਕਰ ਰਹੇ ਸਨ। ਚੋਣ ਕਮਿਸ਼ਨ ’ਤੇ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ’ਚੋਂ 3.5 ਲੱਖ ਕਾਂਗਰਸੀ ਵੋਟਰਾਂ ਦੇ ਨਾਮ ਹਟਾਉਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਵੋਟਰਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪਾਈ ਸੀ ਪਰ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ’ਚ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਹੁਣ ਉਦਯੋਗਿਕ ਹੋ ਗਈ ਹੈ ਅਤੇ ਦੂਜੇ ਰਾਜਾਂ ਵਿੱਚ ਵਰਤੀ ਜਾ ਸਕਦੀ ਹੈ।

ਗਾਂਧੀ ਨੇ ਕਿਹਾ, ‘‘ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬਿਹਾਰ ਵਿੱਚ ਵੀ ਅਜਿਹਾ ਹੋਵੇਗਾ। ਅਸੀਂ ਇਸ ਵਿਚ ਕੁਝ ਨਹੀਂ ਕਰ ਸਕਦੇ ਕਿਉਂਕਿ ਵੋਟਰ ਸੂਚੀਆਂ ਆਖਰੀ ਸਮੇਂ ’ਤੇ ਆਉਂਦੀਆਂ ਹਨ। ਇਹ ਸੰਵਿਧਾਨ ਅਤੇ ਲੋਕਤੰਤਰ ਨੂੰ ਢਾਹ ਲਾਉਣ ਦਾ ਇੱਕ ਯੋਜਨਾਬੱਧ ਤਰੀਕਾ ਹੈ।’’ ਕਾਂਗਰਸ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਕਾਨੂੰਨੀ ਰੂਪ ਵਿਚ ਸਰਕਾਰ ’ਚ ਨਹੀਂ ਹਨ। ਉਨ੍ਹਾਂ ਜੈੱਨ ਜ਼ੀ (1997 ਤੋਂ 2012 ਦਰਮਿਆਨ ਜਨਮੇ ਨੌਜਵਾਨਾਂ) ਨੂੰ ਅਪੀਲ ਕੀਤੀ ਕਿ ਉਹ ਜਮਹੂਰੀਅਤ ਦੀ ਬਹਾਲੀ ਸਬੰਧੀ ਆਪਣੀ ਇੱਛਾ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਰੱਖਣ।

Advertisement

ਰਾਹੁਲ ਨੇ ਕਿਹਾ ਕਿ ਪਾਰਟੀ ਨੇ ਹਰਿਆਣਾ ਵਿਚ 73 ਅਤੇ ਭਾਜਪਾ ਨੇ 7 ਪੋਸਟਲ ਬੈਲੇਟ ਜਿੱਤੀਆਂ ਸਨ। ਹਰਿਆਣਾ ਵਿੱਚ ਪਹਿਲੀ ਵਾਰ ਪੋਸਟਲ ਬੈਲੇਟ ਅਤੇ ਮੁੱਖ ਬੈਲੇਟ ਦੇ ਰੁਝਾਨ ਇਕ-ਦੂਜੇ ਨਾਲੋਂ ਵੱਖਰੇ ਸਨ। ਅਸੀਂ ਅੱਠ ਹਲਕਿਆਂ ਵਿੱਚ 22000 ਵੋਟਾਂ ਨਾਲ ਹਾਰ ਗਏ। ਫ਼ਰਜ਼ੀ ਵੋਟਰਾਂ ਦੀ ਵਰਤੋਂ ਕਰ ਕੇ ਕਾਂਗਰਸ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦੀ ਯੋਜਨਾ ਬਣਾਈ ਗਈ ਸੀ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ, ਐੱਨ ਸੀ ਪੀ (ਐੱਸ ਪੀ) ਆਗੂ ਸੁਪ੍ਰਿਆ ਸੂਲੇ ਅਤੇ ਸ਼ਿਵ ਸੈਨਾ (ਯੂ ਬੀ ਟੀ) ਆਗੂ ਆਦਿੱਤਿਆ ਠਾਕਰੇ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਹਰਿਆਣਾ ’ਚ ‘ਵੋਟ ਚੋਰੀ’ ਦੇ ਦਿੱਤੇ ਗਏ ਸਬੂਤ ਨਾਲ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਲੋਕਾਂ ਦੇ ਜਮਹੂਰੀ ਹੱਕ ਨੂੰ ਚੋਰੀ ਕਰ ਰਹੀ ਹੈ। ਭਾਜਪਾ ਆਗੂ ਕਿਰਨ ਰਿਜਿਜੂ ਨੇ ਰਾਹੁਲ ਦੇ ਦੋਸ਼ਾਂ ਨੂੰ ‘ਝੂਠ ਅਤੇ ਆਧਾਰਹੀਣ’ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਆਗੂ ਆਪਣੀਆਂ ਨਾਕਾਮੀਆਂ ਛਿਪਾਉਣ ਅਤੇ ਦੇਸ਼ ਦੇ ਲੋਕਤੰਤਰ ਨੂੰ ਬਦਨਾਮ ਕਰਨ ਲਈ ਚੋਣ ਕਮਿਸ਼ਨ ’ਤੇ ਸਵਾਲ ਚੁੱਕ ਰਿਹਾ ਹੈ।

ਕਾਂਗਰਸ ਨੇ ਇਤਰਾਜ਼ ਪਹਿਲਾਂ ਕਿਉਂ ਨਹੀਂ ਜਤਾਏ: ਚੋਣ ਕਮਿਸ਼ਨ

ਨਵੀਂ ਦਿੱਲੀ: ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਰਾਹੁਲ ਗਾਂਧੀ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ’ਚ ਹੇਰਾ-ਫੇਰੀ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਬਾਰੇ ਹਰਿਆਣਾ ’ਚ ਕੋਈ ਅਪੀਲ ਨਹੀਂ ਕੀਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਫ਼ਰਜ਼ੀ ਵੋਟਾਂ ਪੈਣ ਸਮੇਂ ਵੀ ਇਸ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਅਕਤੂਬਰ 2024 ’ਚ ਚੋਣਾਂ ਦੌਰਾਨ ਕਈ-ਕਈ ਵੋਟਾਂ ਪੈ ਰਹੀਆਂ ਸਨ ਤਾਂ ਕਾਂਗਰਸ ਦੇ ਬੂਥ ਏਜੰਟਾਂ ਨੇ ਅਜਿਹੇ ਵੋਟਰਾਂ ਬਾਰੇ ਕੋਈ ਜਾਣਕਾਰੀ ਕਿਉਂ ਨਹੀਂ ਦਿੱਤੀ ਸੀ। ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਅਧਿਕਾਰੀ ਨੇ ਕਿਹਾ, ‘‘ਕਈ ਨਾਵਾਂ ਤੋਂ ਬਚਣ ਲਈ ਸੋਧ ਦੌਰਾਨ ਕਾਂਗਰਸ ਦੇ ਬੂਥ ਪੱਧਰ ਦੇ ਏਜੰਟਾਂ ਵੱਲੋਂ ਦਾਅਵੇ ਜਾਂ ਇਤਰਾਜ਼ ਕਿਉਂ ਨਹੀਂ ਕੀਤੇ ਸਨ?’’ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਵੋਟਰ ਸੂਚੀਆਂ ਖ਼ਿਲਾਫ਼ ਇਕ ਵੀ ਅਪੀਲ ਦਾਖ਼ਲ ਨਹੀਂ ਕੀਤੀ ਗਈ ਸੀ ਪਰ 22 ਚੋਣ ਪਟੀਸ਼ਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਬਕਾਇਆ ਪਈਆਂ ਹਨ। ਅਧਿਕਾਰੀ ਨੇ ਕਿਹਾ ਕਿ ਰਾਈ ਅਤੇ ਹੋਡਲ ਹਲਕਿਆਂ ਦਾ ਮੁੱਦਾ ਰਾਹੁਲ ਗਾਂਧੀ ਨੇ ਉਭਾਰਿਆ ਹੈ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧੀ ਸਾਰੇ ਸਬੂਤ ਅਦਾਲਤ ’ਚ ਦੇਣ। -ਪੀਟੀਆਈ

ਚੋਣ ਕਮਿਸ਼ਨ ਨਿਰਪੱਖ ਨਹੀਂ: ਹੁੱਡਾ

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਥਿਤ ‘ਵੋਟ ਚੋਰੀ’ ਦੇ ਮੁੱਦੇ ’ਤੇ ਬੁੱਧਵਾਰ ਨੂੰ ਭਾਜਪਾ ਅਤੇ ਚੋਣ ਕਮਿਸ਼ਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬੇ ਵਿੱਚ ‘ਸਰਕਾਰ ਚੋਰੀ’ ਕਰ ਲਈ ਗਈ ਹੈ। ਉਨ੍ਹਾਂ ਚੋਣ ਕਮਿਸ਼ਨ ਦੇ ਨਿਰਪੱਖ ਨਾ ਹੋਣ ਦਾ ਦਾਅਵਾ ਕਰਦਿਆਂ ਮੰਗ ਕੀਤੀ ਕਿ ਪੂਰੇ ਦੇਸ਼ ਵਿੱਚ ਬੈਲੇਟ ਪੇਪਰਾਂ ਰਾਹੀਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ’ਚ ਵੋਟਿੰਗ ਤੋਂ ਬਾਅਦ ਅਤੇ ਉਸ ਤੋਂ ਅਗਲੇ ਦਿਨ ਕੁੱਲ ਪਈਆਂ ਵੋਟਾਂ ਦੇ ਜੋ ਅੰਕੜੇ ਦੱਸੇ ਗਏ, ਉਨ੍ਹਾਂ ਵਿੱਚ ਕਰੀਬ ਛੇ ਫ਼ੀਸਦ ਦਾ ਫ਼ਰਕ ਸੀ। ਹਰ ਵਿਧਾਨ ਸਭਾ ਹਲਕੇ ਵਿੱਚ ਔਸਤਨ 15 ਹਜ਼ਾਰ ਵੋਟਾਂ ਵਧ ਗਈਆਂ ਸਨ। ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਕਿਹਾ ਕਿ ਬ੍ਰਾਜ਼ੀਲ ਦੀ ਮਾਡਲ ਕੁੜੀ ਦੀ ਤਸਵੀਰ ਦੇ ਆਧਾਰ ’ਤੇ ਫਰਜ਼ੀ ਵੋਟਾਂ ਬਣਾਈਆਂ ਗਈਆਂ ਸਨ। ਇਸ ਸੂਰਤ ਵਿੱਚ ‘ਬੀ ਜੇ ਪੀ’ ਨੂੰ ‘ਬ੍ਰਾਜ਼ੀਲ ਜਨਤਾ ਪਾਰਟੀ’ ਕਿਹਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਵੋਟ ਚੋਰੀ’ ਖ਼ਿਲਾਫ਼ ਪੂਰੇ ਹਰਿਆਣਾ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। -ਪੀਟੀਆਈ

Advertisement
Show comments