ਮਸ਼ਹੂਰ ਹੇਅਰ ਸਟਾਈਲਿਸਟ ਜਾਵੇਦ ਹਬੀਬ ਅਤੇ ਉਸਦੇ ਪੁੱਤਰ ’ਤੇ ਧੋਖਾਧੜੀ ਦੇ 23 ਕੇਸ ਦਰਜ
ਮਸ਼ਹੂਰ ਹੇਅਰ ਸਟਾਈਲਿਸਟ ਜਾਵੇਦ ਹਬੀਬ ਅਤੇ ਉਸ ਦੇ ਪੁੱਤਰ ਅਨੋਸ ਹਬੀਬ ’ਤੇ ਇੱਕ ਨਿਵੇਸ਼ ਯੋਜਨਾ ਰਾਹੀਂ ਲੋਕਾਂ ਤੋਂ ਕਥਿਤ ਤੌਰ 'ਤੇ 7 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ 23 ਕੇਸ ਦਰਜ ਕੀਤੇ ਗਏ ਹਨ।
ਪੁਲਿਸ ਸੁਪਰਡੈਂਟ (SP) ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਦੱਸਿਆ ਕਿ ਦੋਵੇਂ FLC ਕੰਪਨੀ ਦੇ ਬੈਨਰ ਹੇਠ ਇੱਕ ਯੋਜਨਾ ਚਲਾ ਰਹੇ ਸਨ, ਜਿਸ ਵਿੱਚ ਨਿਵੇਸ਼ਕਾਂ ਨੂੰ ਬਿਟਕੋਇਨ ਖਰੀਦ ’ਤੇ 50-70 ਪ੍ਰਤੀਸ਼ਤ ਸਾਲਾਨਾ ਰਿਟਰਨ ਦਾ ਵਾਅਦਾ ਕੀਤਾ ਗਿਆ ਸੀ।
ਵਿਸ਼ਨੋਈ ਨੇ ਕਿਹਾ, ‘‘ਉਨ੍ਹਾਂ ਮੁਨਾਫੇ ਦਾ ਦਾਅਵਾ ਕਰਦਿਆਂ ਹਰੇਕ ਨਿਵੇਸ਼ਕ ਤੋਂ ਲਗਪਗ 5-7 ਲੱਖ ਰੁਪਏ ਲਏ ਪਰ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਨਿਵੇਸ਼ਕ ਨੂੰ ਉਨ੍ਹਾਂ ਦਾ ਪੈਸਾ ਵਾਪਸ ਨਹੀਂ ਮਿਲਿਆ।" ਜਾਂਚਕਰਤਾਵਾਂ ਨੇ ਹੁਣ ਤੱਕ 38 ਲੋਕਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨਾਲ ਇਸ ਯੋਜਨਾ ਰਾਹੀਂ ਧੋਖਾਧੜੀ ਕੀਤੀ ਗਈ ਹੈ।
ਵਿਸ਼ਨੋਈ ਨੇ ਅੱਗੇ ਕਿਹਾ, "ਜਾਵੇਦ ਹਬੀਬ, ਉਸਦੇ ਪੁੱਤਰ ਅਨੋਸ ਹਬੀਬ ਅਤੇ ਉਨ੍ਹਾਂ ਦੇ ਸਾਥੀ ਸੈਫੁਲ ਦੇ ਖ਼ਿਲਾਫ਼ 23 ਐਫਆਈਆਰ (FIR) ਦਰਜ ਕੀਤੀਆਂ ਗਈਆਂ ਹਨ। ਇਹ ਘੁਟਾਲਾ ਇੱਕ ਸੰਗਠਿਤ ਗਿਰੋਹ ਵਾਂਗ ਚਲਾਇਆ ਜਾ ਰਿਹਾ ਜਾਪਦਾ ਹੈ।’’
ਪੁਲਿਸ ਨੇ ਮਸ਼ਹੂਰ ਹੇਅਰ ਸਟਾਈਲਿਸਟ ਅਤੇ ਉਸਦੇ ਪੁੱਤਰ ਦੇ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਪੀਟੀਆਈ