ਪੰਜਾਬ ਦੇ 22 ਆਈਏਐੱਸ ਤੇ 8 ਪੀਸੀਐੱਸ ਅਧਿਕਾਰੀ ਬਦਲੇ
ਪੰਜਾਬ ਸਰਕਾਰ ਨੇ ਅੱਜ ਦੇਰ ਰਾਤ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕਰਦਿਆਂ 22 ਆਈਏਐੱਸ, ਇਕ ਆਈਐੱਫਐੱਸ ਤੇ 8 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਸੰਗਰੂਰ ਸਣੇ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀ ਬਦਲ ਦਿੱਤੇ ਗਏ ਹਨ। ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਆਈਏਐੱਸ ਅਧਿਕਾਰੀ ਵਿਕਾਸ ਪ੍ਰਤਾਪ ਨੂੰ ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਸੁਮੇਰ ਸਿੰਘ ਗੁਜਰ ਨੂੰ ਪ੍ਰਮੁੱਖ ਸਕੱਤਰ ਚੋਣਾਂ ਵਿਭਾਗ ਦੇ ਨਾਲ-ਨਾਲ ਵਿੱਤ ਕਮਿਸ਼ਨਰ ਸਹਿਕਾਰਤਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਆਈਏਐੱਸ ਅਧਿਕਾਰੀ ਮੁਹੰਮਦ ਤਈਅਬ ਨੂੰ ਸਕੱਤਰ ਜੇਲ੍ਹਾਂ, ਗੁਰਪ੍ਰੀਤ ਸਿੰਘ ਖਹਿਰਾ ਨੂੰ ਸਕੱਤਰ ਨਿਆਂ ਵਿਭਾਗ, ਸੰਦੀਪ ਹੰਸ ਨੂੰ ਮੈਨੇਜਿੰਗ ਡਾਇਰੈਕਟਰ ਪੰਜਾਬ ਸੂਚਨਾ ਤੇ ਸੰਚਾਰ ਤਕਨੀਕ ਕਾਰਪੋਰੇਸ਼ਨ ਲਿਮਟਿਡ, ਗਿਰੀਸ਼ ਦਿਆਲਨ ਨੂੰ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਨਾਲ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ, ਕੁਲਵੰਤ ਸਿੰਘ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ, ਬਲਦੀਪ ਕੌਰ ਨੂੰ ਵਿਸ਼ੇਸ਼ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਾਲ ਡਾਇਰੈਕਟਰ ਆਬਾਦਕਾਰੀ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਆਈਏਐੱਸ ਅਧਿਕਾਰੀ ਸ਼ੌਕਤ ਅਹਿਮਦ ਪੈਰੇ ਨੂੰ ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਤੇ ਮੁੱਖ ਕਾਰਜਕਾਰੀ ਅਫ਼ਸਰ ਪੰਜਾਬ ਵਕਫ਼ ਬੋਰਡ, ਪਰਨੀਤ ਸ਼ੇਰਗਿੱਲ ਨੂੰ ਰਾਜ ਟਰਾਂਸਪੋਰਟ ਕਮਿਸ਼ਨਰ, ਜਦਕਿ ਜਤਿੰਦਰ ਜੋਰਵਾਲ ਨੂੰ ਵਿਸ਼ੇਸ਼ ਸਕੱਤਰ ਆਬਕਾਰੀ ਤੇ ਕਰ ਵਿਭਾਗ, ਵਧੀਕ ਕਮਿਸ਼ਨਰ ਆਬਕਾਰੀ ਪਟਿਆਲਾ, ਵਧੀਕ ਕਮਿਸ਼ਨਰ ਕਰ ਪਟਿਆਲਾ ਤੇ ਆਬਕਾਰੀ ਕਮਿਸ਼ਨਰ ਪੰਜਾਬ ਲਾਇਆ ਹੈ। ਇਸੇ ਤਰ੍ਹਾਂ ਜਸਪ੍ਰੀਤ ਸਿੰਘ ਨੂੰ ਵਿਸ਼ੇਸ਼ ਸਕੱਤਰ ਫੂਡ ਪ੍ਰੋਸੈਸਿੰਗ ਵਿਭਾਗ ਤੇ ਮਿਸ਼ਨ ਡਾਇਰੈਕਟਰ ਫੂਡ ਪ੍ਰੋਸੈਸਿੰਗ, ਰਾਜੇਸ਼ ਧੀਮਾਨ ਨੂੰ ਡਿਪਟੀ ਕਮਿਸ਼ਨਰ ਬਠਿੰਡਾ, ਸੰਦੀਪ ਰਿਸ਼ੀ ਨੂੰ ਕਮਿਸ਼ਨਰ ਨਗਰ ਨਿਗਮ ਜਲੰਧਰ, ਗੌਤਮ ਜੈਨ ਨੂੰ ਵਧੀਕ ਸਕੱਤਰ ਪ੍ਰਸੋਨਲ ਵਿਭਾਗ ਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਗੋਦਾਮ ਨਿਗਮ ਲਿਮਟਿਡ, ਜਦਕਿ ਗੁਲਪ੍ਰੀਤ ਸਿੰਘ ਔਲਖ ਨੂੰ ਵਿਸ਼ੇਸ਼ ਸਕੱਤਰ ਮਾਲ ਤੇ ਪੁਨਰਵਾਸ ਵਿਭਾਗ ਅਤੇ ਡਾਇਰੈਕਟਰ ਭੌਂ ਰਿਕਾਰਡ ਲਾਇਆ ਗਿਆ ਹੈ।ਆਈਏਐੱਸ ਅਧਿਕਾਰੀ ਰਵਿੰਦਰ ਸਿੰਘ ਨੂੰ ਵਧੀਕ ਸਕੱਤਰ ਕਿਰਤ ਵਿਭਾਗ ਤੇ ਵਧੀਕ ਸਕੱਤਰ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਨਾਲ ਸਕੱਤਰ ਅਧੀਨ ਸੇਵਾ ਚੋਣ ਬੋਰਡ, ਰਾਹੁਲ ਚਾਬਾ ਨੂੰ ਡਿਪਟੀ ਕਮਿਸ਼ਨਰ ਸੰਗਰੂਰ, ਵਿੰਮੀ ਭੁੱਲਰ ਨੂੰ ਡਾਇਰੈਕਟਰ ਤੇ ਵਧੀਕ ਸਕੱਤਰ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ, ਨਵਜੋਤ ਕੌਰ ਨੂੰ ਡਿਪਟੀ ਕਮਿਸ਼ਨਰ ਮਾਨਸਾ, ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਆਯੂਸ਼ ਗੋਇਲ ਨੂੰ ਐੱਸਡੀਐੱਮ ਤਪਾ ਅਤੇ ਆਈਐੱਫਐੱਸ ਅਧਿਕਾਰੀ ਕਲਪਨਾ ਕੇ ਨੂੰ ਵਧੀਕ ਸਕੱਤਰ ਸਕੂਲ ਸਿੱਖਿਆ ਵਿਭਾਗ ਤੇ ਪ੍ਰਾਜੈਕਟ ਡਾਇਰੈਕਟਰ ਵਿਸ਼ਵ ਬੈਂਕ ਪ੍ਰਾਜੈਕਟ, ਸਕੂਲ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ 8 ਪੀਸੀਐੱਸ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ।