21ਵੀਂ ਸਦੀ ਭਾਰਤੀਆਂ ਦੀ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ 21ਵੀਂ ਸਦੀ 140 ਕਰੋੜ ਭਾਰਤੀਆਂ ਦੀ ਹੈ ਅਤੇ 2047 ਤੱਕ ਮੁਲਕ ‘ਵਿਕਸਤ ਭਾਰਤ’ ਬਣ ਜਾਵੇਗਾ। ‘ਮੇਕ ਇਨ ਇੰਡੀਆ’ ਮੁਹਿੰਮ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ, ‘‘ਅਸੀਂ ਅਪਰੇਸ਼ਨ ਸਿੰਧੂਰ ਦੌਰਾਨ ਘਰੇਲੂ ਪੱਧਰ ’ਤੇ ਬਣੀਆਂ ਚੀਜ਼ਾਂ ਦੀ ਤਾਕਤ ਦੇਖੀ ਹੈ।’’ ਪ੍ਰਧਾਨ ਮੰਤਰੀ ਨੇ ਆਂਧਰਾ ਪ੍ਰਦੇਸ਼ ਲਈ 13 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਨੂੰ ਹੁਣ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਤੇ ਉਪ ਮੁੱਖ ਮੰਤਰੀ ਪਵਨ ਕਲਿਆਣ ਜਿਹੀ ਦੂਰਦਰਸ਼ੀ ਲੀਡਰਸ਼ਿਪ ਹਾਸਲ ਹੈ ਅਤੇ ਕੇਂਦਰ ਸਰਕਾਰ ਸੂਬੇ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਗੂਗਲ ਦੇ ‘ਏ ਆਈ ਹਬ’ ਨਿਵੇਸ਼ ਨਾਲ ਨਵਾਂ ਕੌਮਾਂਤਰੀ ‘ਸਬ-ਸੀ ਗੇਟਵੇਅ’ ਵਿਕਸਤ ਹੋਵੇਗਾ ਜਿਸ ਨਾਲ ਕਈ ਮੁਲਕਾਂ ਦੀ ਸਮੁੰਦਰ ਹੇਠਾਂ ਵਿਛਾਈਆਂ ਗਈਆਂ ਕੇਬਲ ਪ੍ਰਣਾਲੀਆਂ ਜੁੜੀਆਂ ਹੋਣਗੀਆਂ ਅਤੇ ਇਹ ਪੂਰਬੀ ਕੰਢੇ ’ਤੇ ਵਿਸ਼ਾਖਾਪਟਨਮ ਤੱਕ ਆਉਣਗੀਆਂ। ਉਨ੍ਹਾਂ ਪਿਛਲੇ 16 ਮਹੀਨਿਆਂ ’ਚ ਆਂਧਰਾ ਪ੍ਰਦੇਸ਼ ’ਚ ਵਿਕਾਸ ਦੀ ਰਫ਼ਤਾਰ ਵਧਣ ਦਾ ਦਾਅਵਾ ਕਰਦਿਆਂ ਕਿਹਾ ਕਿ ਡਬਲ ਇੰਜਣ ਸਰਕਾਰ ਹੇਠ ਸੂਬਾ ਤਰੱਕੀ ਕਰ ਰਿਹਾ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਨਾਲ ਕੁਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ, ਸਨਅਤਾਂ ਨੂੰ ਹੁਲਾਰਾ ਮਿਲੇਗਾ ਅਤੇ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਵੇਗੀ। ਉਨ੍ਹਾਂ ਨੇ ਦੋਸ਼ ਲਾਇਆ ਕਿ 11 ਸਾਲ ਪਹਿਲਾਂ ਜਦੋਂ ਕੇਂਦਰ ’ਚ ਕਾਂਗਰਸ ਸਰਕਾਰ ਸੀ ਤਾਂ ਪ੍ਰਤੀ ਵਿਅਕਤੀ ਬਿਜਲੀ ਦੀ ਔਸਤ ਖਪਤ ਇਕ ਹਜ਼ਾਰ ਯੂਨਿਟ ਤੋਂ ਵੀ ਘੱਟ ਸੀ ਅਤੇ ਦੇਸ਼ ‘ਬਲੈਕਆਊਟ’ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਸੀ।
ਮਲਿਕਾਰਜੁਨ ਦੇਵਸਥਾਨਮ ’ਚ ਪੂਜਾ-ਪਾਠ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਂਦਿਆਲ ਜ਼ਿਲ੍ਹੇ ਦੇ ਸ੍ਰੀਸ਼ੈਲਮ ’ਚ ਸ੍ਰੀ ਭਰਾਮਰਾਂਬਾ ਮਲਿਕਾਰਜੁਨ ਸਵਾਮੀ ਵਰਲਾ ਦੇਵਸਥਾਨਮ ’ਚ ਪੂਜਾ-ਪਾਠ ਕੀਤਾ। ਭਾਜਪਾ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਮੰਦਰ ’ਚ ਪੰਚਮੁਰਲੂ (ਗਾਂ ਦੇ ਦੁੱਧ, ਦਹੀ, ਘਿਓ, ਸ਼ਹਿਦ ਤੇ ਸ਼ੱਕਰ ਨਾਲ ਬਣਿਆ ਪਵਿੱਤਰ ਮਿਸ਼ਰਨ) ਨਾਲ ਰੁਦਰਾਭਿਸ਼ੇਕ ਕੀਤਾ। ਇਸ ਮਗਰੋਂ ਮੋਦੀ ਸ੍ਰੀ ਸ਼ਿਵਾਜੀ ਸਫੂਰਤੀ ਕੇਂਦਰ ਗਏ ਜੋ ਯਾਦਗਾਰ ਕੰਪਲੈਕਸ ਹੈ। ਇਥੇ ਧਿਆਨ ਲਗਾਉਣ ਲਈ ਹਾਲ ਬਣਿਆ ਹੋਇਆ ਹੈ ਜਿਸ ਦੀ ਸਥਾਪਨਾ 1677 ’ਚ ਛੱਤਰਪਤੀ ਸ਼ਿਵਾਜੀ ਦੇ ਇਤਿਹਾਸਕ ਦੌਰੇ ਦੀ ਯਾਦ ’ਚ ਕੀਤੀ ਗਈ ਸੀ।