Ranthambore ਸਫ਼ਾਰੀ ਵਿਚ 20 ਸੈਲਾਨੀ ਫਸੇ, ਗੱਡੀ ਖਰਾਬ ਹੋਣ ਮਗਰੋਂ ਗਾਈਡ ਖਿਸਕਿਆ
ਇਥੇ Ranthambore ਨੈਸ਼ਨਲ ਪਾਰਕ ਵਿਚ 20 ਦੇ ਕਰੀਬ ਸੈਲਾਨੀ ਫਸ ਗਏ ਕਿਉਂਕਿ ਉਨ੍ਹਾਂ ਦੀ ਸਫਾਰੀ ਗੱਡੀ ਰਸਤੇ ਵਿੱਚ ਹੀ ਖਰਾਬ ਹੋ ਗਈ। ਇਨ੍ਹਾਂ ਸੈਲਾਨੀਆਂ ਦਾ ਗਾਈਡ ਦੂਜੀ ਗੱਡੀ ਲੈਣ ਦੇ ਬਹਾਨੇ ਉਨ੍ਹਾਂ ਨੂੰ ਛੱਡ ਗਿਆ। ਇਹ ਘਟਨਾ ਸ਼ਨਿੱਚਰਵਾਰ ਸ਼ਾਮ ਨੂੰ ਪਾਰਕ ਦੇ ਜ਼ੋਨ 6 ਵਿੱਚ ਵਾਪਰੀ ਸੀ। ਘਟਨਾ ਦਾ ਕਥਿਤ ਵੀਡੀਓ ਸਾਹਮਣੇ ਆਉਣ ਮਗਰੋਂ ਪੂਰਾ ਮਾਮਲਾ ਸਾਹਮਣੇ ਆਇਆ, ਜਿਸ ਕਾਰਨ ਪਾਰਕ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਪਈ।
ਜਾਣਕਾਰੀ ਅਨੁਸਾਰ ਇਨ੍ਹਾਂ ਸੈਲਾਨੀਆਂ ਦੀ ਗੱਡੀ ਖਰਾਬ ਹੋ ਗਈ ਜਿਸ ਤੋਂ ਬਾਅਦ ਗਾਈਡ ਉਨ੍ਹਾਂ ਨੂੰ ਬਦਲਵਾਂ ਵਾਹਨ ਲਿਆਉਣ ਲਈ ਛੱਡ ਗਿਆ। ਉਸ ਵੇਲੇ ਹਨੇਰਾ ਹੋਣ ਕਰਕੇ ਸੈਲਾਨੀਆਂ ਅਤੇ ਗਾਈਡ ਵਿਚਕਾਰ ਥੋੜ੍ਹੀ ਤਲਖੀ ਵੀ ਹੋਈ, ਜਿਸ ਦੇ ਕੁਝ ਹਿੱਸੇ ਰਿਕਾਰਡ ਕੀਤੇ ਗਏ ਹਨ।
ਇੱਕ ਘੰਟੇ ਤੱਕ ਫਸੇ ਰਹਿਣ ਤੋਂ ਬਾਅਦ ਸੈਲਾਨੀਆਂ ਨੂੰ ਪਾਰਕ ’ਚੋਂ ਬਾਹਰ ਕੱਢਿਆ ਗਿਆ। ਡਿਪਟੀ ਕੰਜ਼ਰਵੇਟਰ ਆਫ਼ ਫਾਰੈਸਟ (ਡੀਸੀਐੱਫ) ਪ੍ਰਮੋਦ ਧਾਕੜ ਨੇ ਐਤਵਾਰ ਨੂੰ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਜਾਂਚ ਪੂਰੀ ਹੋਣ ਤੱਕ ਤਿੰਨ ਕੈਂਟਰ ਡਰਾਈਵਰਾਂ ਅਤੇ ਗਾਈਡ ਨੂੰ ਪਾਰਕ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹਾਇਕ ਕੰਜ਼ਰਵੇਟਰ ਆਫ਼ ਫਾਰੈਸਟ ਅਸ਼ਵਨੀ ਪ੍ਰਤਾਪ ਨੂੰ ਜਾਂਚ ਕਰਨ ਲਈ ਕਿਹਾ ਗਿਆ ਹੈ। ਧਾਕੜ ਨੇ ਕਿਹਾ, ‘‘ਪਾਬੰਦੀਆਂ ਲਗਾਏ ਗਏ ਲੋਕਾਂ ਵਿੱਚ ਕੈਂਟਰ ਡਰਾਈਵਰ ਕਨ੍ਹਈਆ, ਸ਼ਹਿਜ਼ਾਦ ਚੌਧਰੀ ਅਤੇ ਲਿਆਕਤ ਅਲੀ, ਗਾਈਡ ਮੁਕੇਸ਼ ਬੈਰਵਾ ਸ਼ਾਮਲ ਹਨ।’’