ਸੁਕਮਾ ਜ਼ਿਲ੍ਹੇ ਵਿਚ 20 ਨਕਸਲੀਆਂ ਵੱਲੋਂ ਆਤਮ ਸਮਰਪਣ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ 20 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ, ਜਿਨ੍ਹਾਂ ਵਿੱਚੋਂ 11 ’ਤੇ ਕੁੱਲ 33 ਲੱਖ ਰੁਪਏ ਦਾ ਇਨਾਮ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ 20 ਨਕਸਲੀਆਂ ਵਿੱਚੋਂ ਨੌਂ ਔਰਤਾਂ ਹਨ, ਜਿਨ੍ਹਾਂ ਵਿੱਚ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ (ਪੀਐਲਜੀਏ) ਬਟਾਲੀਅਨ ਨੰਬਰ 1 ਦਾ ਇੱਕ ਹਾਰਡਕੋਰ ਕੈਡਰ ਵੀ ਸ਼ਾਮਲ ਹੈ। ਇਸ ਨੂੰ ਮਾਓਵਾਦੀਆਂ ਦੀ ਸਭ ਤੋਂ ਮਜ਼ਬੂਤ ਸੰਗਠਨ ਮੰਨਿਆ ਜਾਂਦਾ ਸੀ।
ਪੁਲੀਸ ਸੁਪਰਡੈਂਟ ਕਿਰਨ ਚਵਾਨ ਨੇ ਦੱਸਿਆ ਕਿ ਉਨ੍ਹਾਂ ਨੇ "ਖੋਖਲੇ" ਮਾਓਵਾਦੀ ਵਿਚਾਰਧਾਰਾ ਤੋਂ ਨਿਰਾਸ਼ਾ, ਨਿਰਦੋਸ਼ ਆਦਿਵਾਸੀਆਂ ’ਤੇ ਕੈਡਰਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਪਾਬੰਦੀਸ਼ੁਦਾ ਸੰਗਠਨ ਦੇ ਅੰਦਰ ਵਧਦੇ ਆਪਸੀ ਮਤਭੇਦਾਂ ਦਾ ਹਵਾਲਾ ਦਿੰਦੇ ਹੋਏ ਇੱਥੇ ਸੀਨੀਅਰ ਪੁਲੀਸ ਅਤੇ ਸੀਆਰਪੀਐੱਫ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀਆਂ ਦੀ ਪੀਐੱਲਜੀਏ ਬਟਾਲੀਅਨ ਨੰਬਰ 1 ਦੀ ਮੈਂਬਰ ਸ਼ਰਮੀਲਾ ਉਰਫ ਉਈਕਾ ਭੀਮੇ (25) ਅਤੇ ਮਾਓਵਾਦੀਆਂ ਦੇ ਪੱਛਮੀ ਬਸਤਰ ਡਿਵੀਜ਼ਨ ਦੀ ਮੈਂਬਰ ਟਾਟੀ ਕੋਸੀ ਉਰਫ ਪਰਮਿਲਾ (20) ’ਤੇ 8-8 ਲੱਖ ਰੁਪਏ ਦਾ ਇਨਾਮ ਸੀ।
ਇੱਕ ਹੋਰ ਕੈਡਰ ਮੁਚਾਕੀ ਹਿਦਮਾ (54), ਇੱਕ ਖੇਤਰ ਕਮੇਟੀ ਮੈਂਬਰ ’ਤੇ 5 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਦੱਸਿਆ ਕਿ ਚਾਰ ਹੋਰ ਕੈਡਰਾਂ 'ਤੇ 4-4 ਲੱਖ ਰੁਪਏ ਦਾ ਇਨਾਮ ਸੀ ਅਤੇ ਕਈ ਹੋਰਾਂ 'ਤੇ 1-1 ਲੱਖ ਰੁਪਏ ਦਾ ਇਨਾਮ ਸੀ।
ਉਨ੍ਹਾਂ ਅੱਗੇ ਕਿਹਾ ਕਿ ਆਤਮਸਮਰਪਣ ਕਰਨ ਵਾਲੇ ਸਾਰੇ ਨਕਸਲੀਆਂ ਨੂੰ 50,000 ਰੁਪਏ ਦੀ ਵਿੱਤੀ ਮਦਦ ਦਿੱਤੀ ਗਈ ਹੈ ਅਤੇ ਸਰਕਾਰ ਦੀ ਨੀਤੀ ਅਨੁਸਾਰ ਉਨ੍ਹਾਂ ਦਾ ਹੋਰ ਮੁੜ ਵਸੇਬਾ ਕੀਤਾ ਜਾਵੇਗਾ।- ਪੀਟੀਆਈ