ਅਫ਼ਗ਼ਾਨਿਸਤਾਨ ’ਚ ਭੂਚਾਲ ਕਾਰਨ 20 ਮੌਤਾਂ
ਉੱਤਰੀ ਅਫ਼ਗ਼ਾਨਿਸਤਾਨ ’ਚ ਲੰਘੀ ਦੇਰ ਰਾਤ 6.3 ਦੀ ਸ਼ਿੱਦਤ ਦਾ ਭੂਚਾਲ ਆਉਣ ਕਾਰਨ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 500 ਤੋਂ ਵੱਧ ਜ਼ਖ਼ਮੀ ਹੋ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਦੇ ਖੁਲਮ ਸ਼ਹਿਰ ਤੋਂ 22 ਕਿਲੋਮੀਟਰ ਪੱਛਮੀ-ਦੱਖਣਪੱਛਮ ’ਚ 28 ਕਿਲੋਮੀਟਰ ਦੀ ਗਹਿਰਾਈ ਹੇਠ ਸੀ। ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 12.59 ਵਜੇ ਆਇਆ। ਸਿਹਤ ਮੰਤਰਾਲੇ ਦੇ ਬੁਲਾਰੇ ਸ਼ਰਾਫਤ ਜ਼ਮਾਨ ਨੇ ਦੱਸਿਆ ਕਿ ਬਲਖ ਤੇ ਸਮਾਂਗਨ ਸੂਬਿਆਂ ਦੇ ਹਸਪਤਾਲਾਂ ’ਚ 20 ਲਾਸ਼ਾਂ ਲਿਆਂਦੀਆਂ ਗਈਆਂ ਹਨ ਤੇ 534 ਜ਼ਖ਼ਮੀਆਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਬਚਾਅ ਟੀਮਾਂ ਮੌਕੇ ’ਤੇ ਹਨ ਤੇ ਅੰਕੜੇ ਬਦਲ ਸਕਦੇ ਹਨ। ਬਦੱਖ਼ਸ਼ਾਂ ਸੂਬੇ ਦੇ ਪੁਲੀਸ ਹੈੱਡਕੁਆਰਟਰ ਦੇ ਬੁਲਾਰੇ ਇਹਸਾਨੁੱਲ੍ਹਾ ਕਾਮਗਾਰ ਨੇ ਦੱਸਿਆ ਕਿ ਸ਼ਹਿਰ-ਏ-ਬਜ਼ੋਰਗ ਦੇ ਪਿੰਡ ’ਚ 800 ਦੇ ਕਰੀਬ ਘਰ ਨੁਕਸਾਨੇ ਗਏ ਹਨ। ਅਫ਼ਗ਼ਾਨਿਸਤਾਨ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਯੂਸਫ਼ ਹਮਾਦ ਨੇ ਦੱਸਿਆ ਕਿ ਜ਼ਿਆਦਾਤਰ ਜ਼ਖ਼ਮੀਆਂ ਨੂੰ ਮਾਮੂਲੀਆਂ ਸੱਟਾਂ ਵੱਜੀਆਂ ਹਨ ਤੇ ਉਨ੍ਹਾਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਸਭ ਤੋਂ ਵੱਧ ਨੁਕਸਾਨ ਬਲਖ਼ ਤੇ ਸਮਾਂਗਨ ਸੂਬਿਆਂ ’ਚ ਹੋਇਆ ਹੈ ਅਤੇ ਰਾਹਤ ਤੇ ਬਚਾਅ ਟੀਮਾਂ ਇਨ੍ਹਾਂ ਸੂਬਿਆਂ ’ਚ ਪਹੁੰਚ ਕੇ ਪੀੜਤਾਂ ਦੀ ਮਦਦ ਕਰ ਰਹੀਆਂ ਹਨ। ਤਾਲਿਬਾਨ ਸਰਕਾਰ ਦੇ ਮੁੱਖ ਤਰਜਮਾਨ ਜਬੀਹੁੱਲ੍ਹਾ ਮੁਜਾਹਿਦ ਨੇ ਭੂਚਾਲ ਕਾਰਨ ਹੋਏੇ ਜਾਨੀ-ਮਾਲੀ ਨੁਕਸਾਨ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਭਾਰਤ ਨੇ ਅਫ਼ਗ਼ਾਨ ਨੂੰ ਰਾਹਤ ਸਮੱਗਰੀ ਪਹੁੰਚਾਈ
ਨਵੀਂ ਦਿੱਲੀ: ਭਾਰਤ ਨੇ ਅੱਜ ਅਫ਼ਗ਼ਾਨਿਸਤਾਨ ’ਚ ਆਏ ਭਿਆਨਕ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਅਫ਼ਗ਼ਾਨ ਹਮਰੁਤਬਾ ਆਮਿਰ ਖਾਨ ਮੁਤਾਕੀ ਨੂੰ ਹੋਰ ਸਪਲਾਈ ਭੇਜਣ ਦਾ ਭਰੋਸਾ ਦਿੱਤਾ ਹੈ। ਜੈਸ਼ੰਕਰ ਨੇ ਮੁਤਾਕੀ ਨੂੰ ਫੋਨ ਕੀਤਾ ਅਤੇ ਬਲਖ਼, ਸਮਾਂਗਨ ਤੇ ਬਗਲਾਨ ਸੂਬਿਆਂ ’ਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ’ਤੇ ਦੁੱਖ ਜ਼ਾਹਿਰ ਕੀਤਾ। -ਪੀਟੀਆਈ
