ਖੰਘ ਦੀ ਦਵਾਈ ਕਾਰਨ ਮੱਧ ਪ੍ਰਦੇਸ਼ ’ਚ ਹੁਣ ਤੱਕ 20 ਬੱਚਿਆਂ ਦੀ ਮੌਤ: ਸ਼ੁਕਲਾ
ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਰਾਜੇਂਦਰ ਸ਼ੁਕਲਾ ਨੇ ਅੱਜ ਕਿਹਾ ਕਿ ਸੂਬੇ ’ਚ ‘ਜ਼ਹਿਰੀਲੀ’ ਖੰਘ ਵਾਲੀ ਦਵਾਈ ਪੀਣ ਮਗਰੋਂ ਗੁਰਦਿਆਂ ਨੂੰ ਨੁਕਸਾਨ ਪਹੁੰਚਣ ਕਾਰਨ ਹੁਣ ਤੱਕ 20 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਪੰਜ ਬੱਚਿਆਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਦਾ ਨਾਗਪੁਰ ’ਚ ਇਲਾਜ ਜਾਰੀ ਹੈ। ਛਿੰਦਵਾੜਾ ਦੇ ਇਨ੍ਹਾਂ ਬੱਚਿਆਂ ਦੀ ਮੌਤ ਕਥਿਤ ਤੌਰ ’ਤੇ ਗੁਰਦੇ ਫੇਲ੍ਹ ਹੋਣ ਕਾਰਨ ਹੋਈ ਹੈ। ਇਸੇ ਦੌਰਾਨ ਤਾਮਿਲਨਾਡੂ ਸਰਕਾਰ ਨੇ ਚੇਨੱਈ ’ਚ ਦਵਾਈਆਂ ਬਣਾਉਣ ਵਾਲੀ ਫੈਕਟਰੀ ਸੀਲ ਕਰ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਸ਼ੁਕਲਾ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ, ‘ਇਸ ਮੰਦਭਾਗੀ ਘਟਨਾ ਵਿੱਚ ਛਿੰਦਵਾੜਾ, ਬੈਤੂਲ ਤੇ ਪਾਂਡੂਰਨ ਦੇ ਕੁੱਲ 20 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਪੰਜ ਬੱਚਿਆਂ ਦਾ ਨਾਗਪੁਰ ’ਚ ਇਲਾਜ ਜਾਰੀ ਹੈ। ਸਾਰੇ ਇਨ੍ਹਾਂ ਬੱਚਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।’ ਦੂਜੇ ਪਾਸੇ ਤਾਮਿਲਨਾਡੂ ਸਰਕਾਰ ਨੇ ਸੂਬੇ ਦੇ ਕਾਂਚੀਪੁਰਮ ਜ਼ਿਲ੍ਹੇ ’ਚ ਸਥਿਤ ਦਵਾਈ ਬਣਾਉਣ ਵਾਲੀ ਫੈਕਟਰੀ ਸੀਲ ਕਰ ਦਿੱਤੀ ਹੈ ਜਦਕਿ ਮੱਧ ਪ੍ਰਦੇਸ਼ ਦੇ ਸਹਾਇਕ ਪੁਲੀਸ ਕਮਿਸ਼ਨਰ ਦੀ ਅਗਵਾਈ ਹੇਠ ਗਠਿਤ ਸੱਤ ਮੈਂਬਰੀ ਸਿੱਟ ਨੇ ਅੱਜ ਇੱਥੇ ਸਥਿਤ ਦਵਾਈ ਬਣਾਉਣ ਵਾਲੀ ਫੈਕਟਰੀ ਦੀ ਜਾਂਚ ਵੀ ਕੀਤੀ ਹੈ। -ਪੀਟੀਆਈ
ਫਾਰਮਾ ਕੰਪਨੀਆਂ ਨੇ ਦਵਾਈਆਂ ਦੀ ਜਾਂਚ ਦੌਰਾਨ ਕੁਤਾਹੀ ਕੀਤੀ: ਕੇਂਦਰੀ ਦਵਾਈ ਕੰਟਰੋਲਰ
ਖੰਘ ਦੀ ਦਵਾਈ ’ਚ ਮੌਜੂਦ ‘ਜ਼ਹਿਰੀਲੇ ਤੱਤਾਂ’ ਕਾਰਨ ਹੋਈਆਂ ਬੱਚਿਆਂ ਦੀਆਂ ਮੌਤਾਂ ਦੇ ਸਬੰਧ ਵਿੱਚ ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ ਨੇ ਕਿਹਾ ਕਿ ਦਵਾਈ ਕੰਪਨੀਆਂ ਨੇ ਇਸ ਨਿਯਮ ਦਾ ਪਾਲਣ ਨਹੀਂ ਕੀਤਾ ਕਿ ਦਵਾਈ ਸਮੱਗਰੀ ਦੇ ਹਰ ਬੈਚ ਦੀ ਜਾਂਚ ਕੀਤੀ ਜਾਵੇ। ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਨੇ ਕਿਹਾ ਹੈ ਕਿ ਉਸ ਨੇ ਸਰਕਾਰ ਤੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ ਕਿ ਕੀ ‘ਕੋਲਡ੍ਰਿਫ’ ਖੰਘ ਦੀ ਦਵਾਈ ਦੀ ਬਰਾਮਦ ਹੋਰ ਮੁਲਕਾਂ ਨੂੰ ਕੀਤੀ ਗਈ ਹੈ। ਡਰੱਗ ਕੰਟਰੋਲਰ ਜਨਰਲ ਡਾ. ਰਾਜੀਵ ਸਿੰਘ ਰਘੁਵੰਸ਼ੀ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨਿਰਮਾਣ ਇਕਾਈਆਂ ਦਾ ਨਿਰੀਖਣ ਕੀਤਾ ਹੈ ਜਿਨ੍ਹਾਂ ਦੀਆਂ ਦਵਾਈਆਂ ਪਹਿਲਾਂ ‘ਗ਼ੈਰ ਮਿਆਰੀ’ ਐਲਾਨੀਆਂ ਗਈਆਂ ਸਨ। ਪੱਤਰ ’ਚ ਕਿਹਾ ਗਿਆ ਹੈ ਕਿ ਨਿਰਮਾਣ ਇਕਾਈਆਂ ਦੀ ਜਾਂਚ ਤੇ ਗ਼ੈਰ-ਮਿਆਰੀ ਐਲਾਨੀਆਂ ਦਵਾਈਆਂ ਦੀ ਜਾਂਚ ਦੌਰਾਨ ਦੇਖਿਆ ਗਿਆ ਹੈ ਕਿ ਨਿਰਮਾਤਾ ਦਵਾਈਆਂ ਦੇ ਨਿਰਮਾਣ ਤੇ ਤਿਆਰ ਉਤਪਾਦਾਂ ਦੇ ਹਰ ਬੈਚ ਦੀ ਜਾਂਚ ਨਹੀਂ ਕਰ ਰਹੇ।
ਆਯੁਰਵੈਦਿਕ ਦਵਾਈਆਂ ਤੇ ਘਰੇਲੂ ਨੁਸਖੇ ਬੱਚਿਆਂ ਲਈ ਸੁਰੱਖਿਅਤ: ਮਾਹਿਰ
ਖੰਘ ਦੀ ਦਵਾਈ ਦੇ ਮਿਆਰ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਆਯੁਰਵੈਦਿਕ ਇਲਾਜ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਰ ਬਦਲ ਹੈ। ਆਲ ਇੰਡੀਆ ਡਾਕਟਰਜ਼ ਐਸੋਸੀਏਸ਼ਨ ਆਫ ਇੰਡੀਅਨ ਸਿਸਟਮ ਦੇ ਕੌਮੀ ਪ੍ਰਧਾਨ ਡਾ. ਆਰ ਪੀ ਪਰਾਸ਼ਰ ਨੇ ਕਿਹਾ ਕਿ ਦੋ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਆਯੁਰਵੈਦਿਕ ਖੰਘ ਵਾਲੀਆਂ ਦਵਾਈਆਂ, ਜੜੀ-ਬੂਟੀਆਂ ਤੇ ਘਰੇਲੂ ਇਲਾਜ ਬਿਨਾਂ ਕਿਸੇ ਡਰ ਦੇ ਦਿੱਤੇ ਜਾ ਸਕਦੇ ਹਨ। -ਪੀਟੀਆਈ