1962 ਦੀ ਜੰਗ ਗੁੱਟ-ਨਿਰਲੇਪ ਨੀਤੀ ਦੀ ਨਹੀਂ, ਚੀਨ ਨੀਤੀ ਦੀ ਅਸਫ਼ਲਤਾ ਸੀ: ਮੈਨਨ
ਸਾਬਕਾ ਰਾਜਦੂਤ ਸ਼ਿਵਸ਼ੰਕਰ ਮੈਨਨ ਮੁਤਾਬਕ, ਚੀਨ ਦੇ ਨਾਲ 1962 ਦੀ ਜੰਗ ਗੁੱਟ-ਨਿਰਲੇਖ ਨੀਤੀ ਦੀ ਅਸਫ਼ਲਤਾ ਨਹੀਂ ਸੀ, ਬਲਕਿ ਚੀਨ ਨੀਤੀ ਦੀ ਅਸਫ਼ਲਤਾ ਸੀ ਅਤੇ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਨੂੰ ਦੁਨੀਆ ਭਰ ਤੋਂ ਵੱਖ-ਵੱਖ ਵਿਚਾਰਧਾਰਾ ਵਾਲੇ ਦੇਸ਼ਾਂ ਤੋਂ ਕਿੰਨਾ ਸਮਰਥਨ ਮਿਲਿਆ।
ਉਨ੍ਹਾਂ ਲੰਘੀ ਸ਼ਾਮ ਸਵਪਨਾ ਕੋਨਾ ਨਾਇਡੂ ਦੀ ਕਿਤਾਬ ‘ਦਿ ਨਹਿਰੂ ਯੀਅਰ: ਐਨ ਇੰਟਰਨੈਸ਼ਨਲ ਹਿਸਟਰੀ ਆਫ਼ ਨਾਨ-ਅਲਾਈਨਮੈਂਟ’ ਦੇ ਰਿਲੀਜ਼ ਮੌਕੇ ਇਹ ਗੱਲ ਆਖੀ। ਗੁੱਟ-ਨਿਰਲੇਪ ਅੰਦੋਲਨ (ਐੱਨਏਐੱਮ) ਦੀ ਸ਼ੁਰੂਆਤ ਬਸਤੀਵਾਦੀ ਪ੍ਰਣਾਲੀ ਦੇ ਪਤਨ ਅਤੇ ਅਫਰੀਕਾ, ਏਸ਼ੀਆ, ਲਾਤਿਨੀ ਅਮਰੀਕਾ ਅਤੇ ਦੁਨੀਆ ਦੇ ਹੋਰ ਖੇਤਰਾਂ ਦੇ ਲੋਕਾਂ ਦੇ ਆਜ਼ਾਦੀ ਸੰਘਰਸ਼ਾਂ ਅਤੇ ਸੀਤ ਯੁੱਧ ਦੇ ਸਿਖ਼ਰ ਦੌਰਾਨ ਹੋਈ ਸੀ।
ਮੈਨਨ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਸਣੇ ਕਈ ਦੇਸ਼ਾਂ ਤੋਂ ਸਮਰਥਨ ਮਿਲਿਆ। ਉਨ੍ਹਾਂ ਕਿਹਾ, ‘‘1962 ਵਿੱਚ, ਦੇਖੋ ਸਾਨੂੰ ਦੁਨੀਆ ਭਰ ਤੋਂ ਕਿੰਨਾ ਸਮਰਥਨ ਮਿਲਿਆ ਅਤੇ ਇਸ ਨੇ ਤੀਜੀ ਦੁਨੀਆ ਵਿੱਚ ਚੀਨ ਦੇ ਵੱਕਾਰ ਨੂੰ ਜੋ ਨੁਕਸਾਨ ਪਹੁੰਚਾਇਆ, ਉਹ ਕਾਫੀ ਵਿਨਾਸ਼ਕਾਰੀ ਸੀ। ਇਸ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਇਹ ਗੁਟ-ਨਿਰਲੇਪ ਨੀਤੀ ਦੀ ਅਸਫ਼ਲਤਾ ਸੀ ਬਲਕਿ ਇਹ ਚੀਨ ਨੀਤੀ ਦੀ ਅਸਫ਼ਲਤਾ ਸੀ।’’ ਮੈਨਨ ਨੇ ਕਿਹਾ, ‘‘ਲੋਕ ਆਪਣੇ ਹਿੱਤਾਂ ਦੇ ਆਧਾਰ ’ਤੇ ਫੈਸਲਾ ਲੈਂਦੇ ਹਨ। ਭਾਰਤ ਨੂੰ ਦੁਨੀਆ ਭਰ ਤੋਂ ਸਮਰਥਨ ਮਿਲਿਆ। ਇਸ ਵਿੱਚੋਂ ਕੁਝ ਸਮਰਥਨ ਵਿਚਾਰਕ ਸੀ, ਜਿਵੇਂ ਕਿ ਅਮਰੀਕਾ ਵਗੈਰ੍ਹਾ ਤੋਂ। ਕਾਰਨ ਭਾਵੇਂ ਜੋ ਵੀ ਹੋਵੇ, ਪਰ ਤੁਹਾਨੂੰ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਸਮਰਥਨ ਮਿਲਿਆ।’’