16ਵਾਂ ਸਾਂਝਾ ਕਮਾਂਡਰ ਸੰਮੇਲਨ: ਅਜੋਕੀਆਂ ਜੰਗਾਂ ਅਣਕਿਆਸੀਆਂ: ਰਾਜਨਾਥ
ਲਗਾਤਾਰ ਬਦਲਦੇ ਜੰਗੀ ਖਾਸੇ ’ਤੇ ਜ਼ੋਰ ਦਿੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਅਜੋਕੀਆਂ ਜੰਗਾਂ ਅਚਾਨਕ ਅਤੇ ਅਣਕਿਆਸੀਆਂ ਹਨ, ਜਿਨ੍ਹਾਂ ਦੀ ਮਿਆਦ ਦਾ ਪਤਾ ਲਾਉਣਾ ਮੁਸ਼ਕਲ ਹੈ। ਉਨ੍ਹਾਂ ਹਥਿਆਰਬੰਦ ਬਲਾਂ ਨੂੰ ਜੰਗ ਦੀਆਂ ਰਵਾਇਤੀ ਧਾਰਨਾਵਾਂ ਤੋਂ ਅੱਗੇ ਵਧ ਕੇ ਅਦਿੱਖ ਚੁਣੌਤੀਆਂ ਨਾਲ ਸਿੱਝਣ ਲਈ ਸੁਚੇਤ ਅਤੇ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਆਲਮੀ ਟਕਰਾਵਾਂ ਨੇ ‘ਤਕਨੀਕ ਨਾਲ ਲੈਸ’ ਫੌਜ ਦੀ ਪ੍ਰਸੰਗਿਕਤਾ ਨੂੰ ਉਭਾਰਿਆ ਹੈ। ਉਹ ਕੋਲਕਾਤਾ ਵਿੱਚ 16ਵੇਂ ਸਾਂਝੇ ਕਮਾਂਡਰ ਸੰਮੇਲਨ (ਸੀ ਸੀ ਸੀ) 2025 ਨੂੰ ਸੰਬੋਧਨ ਕਰ ਰਹੇ ਸਨ। ਰੱਖਿਆ ਮੰਤਰੀ ਨੇ ਹਥਿਆਰਬੰਦ ਬਲਾਂ ਨੂੰ ਸੂਚਨਾ, ਵਿਚਾਰਧਾਰਕ, ਵਾਤਾਵਰਨ ਅਤੇ ਜੈਵਿਕ ਜੰਗ ਵਰਗੇ ਗੈਰ-ਰਵਾਇਤੀ ਖਤਰਿਆਂ ਤੋਂ ਪੈਦਾ ਹੋਣ ਵਾਲੀਆਂ ਅਦਿੱਖ ਚੁਣੌਤੀਆਂ ਨਾਲ ਨਜਿੱਠਣ ਵਾਸਤੇ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ। ਰਾਜਨਾਥ ਨੇ ਅਸ਼ਾਂਤ ਆਲਮੀ ਵਿਵਸਥਾ, ਖੇਤਰੀ ਅਸਥਿਰਤਾ ਤੇ ਵਧ ਰਹੀਆਂ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਦੁਨੀਆ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਦੇਸ਼ ਦੀ ਸੁਰੱਖਿਆ ’ਤੇ ਇਸਦੇ ਪੈਣ ਵਾਲੇ ਪ੍ਰਭਾਵ ਦਾ ਲਗਾਤਾਰ ਮੁਲਾਂਕਣ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਫੌਜਾਂ ਵੱਲੋਂ ਨਿਭਾਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਈ ਵਿੱਚ ਸ਼ੁਰੂ ਕੀਤੇ ਅਪਰੇਸ਼ਨ ਸਿੰਧੂਰ ਦੀ ਯੋਜਨਾਬੰਦੀ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਦੇ ਹਥਿਆਰਬੰਦ ਬਲਾਂ ਦੇ ‘ਸ਼ਾਨਦਾਰ ਪ੍ਰਦਰਸ਼ਨ’ ਅਤੇ ‘ਮਿਸਾਲੀ ਪੇਸ਼ੇਵਰ ਢੰਗ’ ਦੀ ਪ੍ਰਸ਼ੰਸਾ ਕੀਤੀ। ‘ਅਪਰੇਸ਼ਨ ਸਿੰਧੂਰ’ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਸ਼ੁਰੂ ਕੀਤਾ ਗਿਆ ਸੀ। ਰਾਜਨਾਥ ਨੇ ਕਿਹਾ, ‘‘ਅਪਰੇਸ਼ਨ ਸਿੰਧੂਰ ਨੇ ਇਹ ਦਿਖਾਇਆ ਹੈ ਕਿ ਤਾਕਤ, ਰਣਨੀਤੀ ਅਤੇ ਆਤਮ-ਨਿਰਭਰਤਾ ਹੀ ਉਹ ਤਿੰਨ ਥੰਮ੍ਹ ਹਨ ਜੋ ਭਾਰਤ ਨੂੰ ਸ਼ਕਤੀ ਮੁਹੱਈਆ ਕਰਵਾਉਣਗੇ ਜਿਸ ਦੀ 21ਵੀਂ ਸਦੀ ਵਿੱਚ ਲੋੜ ਹੈ। ਅੱਜ ਸਾਡੇ ਕੋਲ ਸਵਦੇਸ਼ੀ ਪਲੈਟਫਾਰਮਾਂ ਅਤੇ ਪ੍ਰਣਾਲੀਆਂ ਤੇ ਸਾਡੇ ਜਵਾਨਾਂ ਦੇ ਅਦੁੱਤੀ ਸਾਹਸ ਸਦਕਾ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੈ।’’