ਤ੍ਰਿਪੁਰਾ ਵਿਚ 14 ਮਹੀਨਿਆਂ ਦੀ ਬੱਚੀ ਦੀ ਜਬਰ-ਜਨਾਹ ਮਗਰੋਂ ਹੱਤਿਆ
Toddler Raped and murdered: ਉੱਤਰੀ ਤ੍ਰਿਪੁਰਾ ਦੇ ਪਾਨੀਸਾਗਰ ਇਲਾਕੇ ਵਿਚ 14 ਮਹੀਨੇ ਦੀ ਬੱਚੀ ਨਾਲ ਕਥਿਤ ਜਬਰ ਜਨਾਹ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲੀਸ ਮੁਤਾਬਕ ਮੁਲਜ਼ਮ ਦਿਹਾੜੀਦਾਰ ਮਜ਼ਦੂਰ ਹੈ ਤੇ ਉਸ ਨੂੰ ਅਸਾਮ ਦੇ ਨੀਲਾਂਬਾਜ਼ਾਰ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪਾਨੀਸਾਗਰ ਥਾਣੇ ਦੇ ਇੰਚਾਰਜ ਸੁਮੰਤਾ ਭੱਟਾਚਾਰੀਆ ਨੇ ਦੱਸਿਆ ਕਿ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਸ਼ਨਿੱਚਰਵਾਰ ਨੂੰ ਵਾਪਰੀ ਤੇ ਮਗਰੋਂ ਉਸ ਦੀ ਹੱਤਿਆ ਕਰਕੇ ਲਾਸ਼ ਝੋਨੇ ਦੇ ਖੇਤ ਵਿਚ ਦਬ ਦਿੱੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬੱਚੀ ਨੂੰ ਘੁਮਾਉਣ ਦੇ ਬਹਾਨੇ ਉਸ ਦੀ ਮਾਂ ਕੋਲੋਂ ਲੈ ਕੇ ਆਇਆ ਸੀ।
ਭੱਟਾਚਾਰੀਆ ਨੇ ਕਿਹਾ, ‘‘ਜਦੋਂ ਤਿੰਨ ਘੰਟੇ ਬੀਤਣ ਮਗਰੋਂ ਵੀ ਉਹ ਬੱਚੀ ਨੂੰ ਲੈ ਕੇ ਨਹੀਂ ਮੁੜਿਆ ਤਾਂ ਮਾਤਾ ਪਿਤਾ ਨੂੰ ਫ਼ਿਕਰ ਹੋਈ। ਜਿਵੇਂ ਹੀ ਖ਼ਬਰ ਫੈਲੀ ਤਾਂ ਸੈਂਕੜੇ ਪਿੰਡ ਵਾਸੀਆਂ ਨੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ।’’ ਉਨ੍ਹਾਂ ਦੱਸਿਆ, ‘‘ਮਗਰੋਂ ਬੱਚੀ ਦੀ ਲਾਸ਼ ਇਕ ਖੇਤ ਵਿਚ ਦੱਬੀ ਮਿਲੀ। ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।’’ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮ ਨੂੰ ਸੋਮਵਾਰ ਨੂੰ ਸਥਾਨਕ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।