ਪਾਲਘਰ ’ਚ ਇਮਾਰਤ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋਈ
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਿਰਾਰ ਵਿੱਚ ਇੱਕ ਇਮਾਰਤ ਢਹਿਣ ਦੀ ਘਟਨਾ ਵਿੱਚ ਰਾਤ ਭਰ ਚੱਲੇ ਬਚਾਅ ਕਾਰਜ ਦੌਰਾਨ ਤਿੰਨ ਹੋਰ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਲਗਭਗ 50 ਫਲੈਟਾਂ ਵਾਲੀ ਇਹ ਅਣਅਧਿਕਾਰਤ ਚਾਰ ਮੰਜ਼ਿਲਾ ਇਮਾਰਤ ਮੰਗਲਵਾਰ ਰਾਤ 12:05 ਵਜੇ ਵਿਰਾਰ ਇਲਾਕੇ ਦੇ ਵਿਜੇ ਨਗਰ ਵਿੱਚ ਇੱਕ ਖਾਲੀ ਪਏ ਮਕਾਨ ਉੱਤੇ ਡਿੱਗ ਗਈ। ਚਸ਼ਮਦੀਦਾਂ ਅਨੁਸਾਰ, ਚੌਥੀ ਮੰਜ਼ਿਲ ਉੱਤੇ ਇੱਕ ਸਾਲ ਦੀ ਬੱਚੀ ਦਾ ਜਨਮਦਿਨ ਮਨਾਇਆ ਜਾ ਰਿਹਾ ਸੀ, ਤਾਂ ਹੀ ਇਮਾਰਤ ਦੇ ਇੱਕ ਹਿੱਸੇ ਵਿੱਚ 12 ਫਲੈਟ ਡਿੱਗ ਗਏ, ਜਿਸ ਨਾਲ ਫਲੈਟ ਵਿੱਚ ਰਹਿਣ ਵਾਲੇ ਲੋਕ ਅਤੇ ਮਹਿਮਾਨ ਮਲਬੇ ਵਿੱਚ ਦੱਬ ਗਏ।
ਪਾਲਘਰ ਦੀ ਜ਼ਿਲ੍ਹਾ ਮੈਜਿਸਟਰੇਟ ਡਾ. ਇੰਦੂ ਰਾਣੀ ਜਾਖੜ ਨੇ ਵੀਰਵਾਰ ਸਵੇਰੇ ਪੁਸ਼ਟੀ ਕੀਤੀ ਕਿ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਐੱਨਡੀਆਰਐੱਫ ਅਤੇ ਹੋਰ ਬਚਾਅ ਟੀਮਾਂ ਇਹ ਯਕੀਨੀ ਬਣਾਉਣ ਲਈ ਮਲਬਾ ਹਟਾਉਣ ਦਾ ਕੰਮ ਜਾਰੀ ਰੱਖਣਗੀਆਂ ਕਿ ਮਲਬੇ ਵਿੱਚ ਕੋਈ ਹੋਰ ਵਿਅਕਤੀ ਤਾਂ ਨਹੀਂ ਫਸਿਆ ਹੈ।