ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੰਘ ਦੇ 100 ਸਾਲ ਪੂਰੇ, ਆਤਮ-ਚਿੰਤਨ ਦਾ ਵੇਲਾ: ਹੋਸਬਲੇ

ਸੰਘ ਬਾਨੀ ਡਾਕਟਰ ਹੈਡਗੇਵਾਰ ਨੂੰ ਜਨਮ ਵਰ੍ਹੇਗੰਢ ’ਤੇ ਕੀਤਾ ਯਾਦ; ਸਮਾਜ ਦੀ ਭਲਾਈ ਲਈ ਇਕਜੁੱਟ ਹੋਣ ਦਾ ਦਿੱਤਾ ਸੱਦਾ
Advertisement

ਨਵੀਂ ਦਿੱਲੀ, 29 ਮਾਰਚ

ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੇ ਕਿਹਾ ਹੈ ਕਿ ਅਯੁੱਧਿਆ ’ਚ ਰਾਮ ਜਨਮ ਭੂਮੀ ਮੁਕਤੀ ਵਰਗੇ ਅੰਦੋਲਨਾਂ ਨੇ ਮੁਲਕ ਦੇ ਸਾਰੇ ਵਰਗਾਂ ਅਤੇ ਖੇਤਰਾਂ ਨੂੰ ਸੱਭਿਆਚਾਰਕ ਤੌਰ ’ਤੇ ਇਕਜੁੱਟ ਕੀਤਾ ਹੈ। ਆਰਐੱਸਐੱਸ ਦੇ ਆਗੂ ਦੱਤਾਤ੍ਰੇਅ ਹੋਸਬਲੇ ਨੇ ਕਿਹਾ ਕਿ ਸੁਰੱਖਿਆ, ਸ਼ਾਸਨ, ਪੇਂਡੂ ਵਿਕਾਸ ਅਤੇ ਜੀਵਨ ਦੇ ਹਰ ਪਹਿਲੂ ’ਚ ਸਵੈਮਸੇਵਕਾਂ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਸੰਘ ਦੇ ਜਦੋਂ ਸੌ ਸਾਲ ਪੂਰੇ ਹੋ ਰਹੇ ਹਨ ਤਾਂ ਅਹਿਮ ਮੁੱਦਿਆਂ ’ਤੇ ਆਤਮ-ਚਿੰਤਨ ਦਾ ਵੀ ਮੌਕਾ ਹੈ। ਹੋਸਬਲੇ ਨੇ ਸੰਘ ਦੇ ਬਾਨੀ ਡਾ. ਕੇਸ਼ਵ ਬਲੀਰਾਮ ਹੈਡਗੇਵਾਰ, ਜਿਨ੍ਹਾਂ ਦੀ ਭਲਕੇ ਜਨਮ ਵਰ੍ਹੇਗੰਢ ਹੈ, ਨੂੰ ਚੇਤੇ ਕਰਦਿਆਂ ਕਿਹਾ ਕਿ ਵਿਸ਼ਵ ਸ਼ਾਂਤੀ, ਖੁਸ਼ਹਾਲੀ ਦੇ ਨਾਲ ਸਦਭਾਵਨਾ ਪੂਰਨ ਅਤੇ ਇਕਜੁੱਟ ਭਾਰਤ ਦੇ ਭਵਿੱਖ ਲਈ ਅਹਿਦ ਲੈਣ ਦਾ ਵੀ ਸਮਾਂ ਹੈ। ਉਨ੍ਹਾਂ ਕਿਹਾ ਕਿ ਡਾ. ਹੈਡਗੇਵਾਰ ਨੇ ਦੇਸ਼ ਦੀ ਆਜ਼ਾਦੀ ’ਚ ਵੀ ਅਹਿਮ ਯੋਗਦਾਨ ਪਾਇਆ ਸੀ। ਉਨ੍ਹਾਂ ਮੁਤਾਬਕ ਸੰਘ ਬਾਨੀ ਨੇ ਪੂਰੇ ਸਮਾਜ ਨੂੰ ਇਕਜੁੱਟ ਕਰਨ ਲਈ ਹੰਭਲਾ ਮਾਰਿਆ ਸੀ ਅਤੇ ਅੱਜ ਵੀ ਹਜ਼ਾਰਾਂ ਨੌਜਵਾਨ ਉਨ੍ਹਾਂ ਵੱਲੋਂ ਦਿਖਾਏ ਗਏ ਮਾਰਗ ’ਤੇ ਚੱਲ ਰਹੇ ਹਨ। ਹਰ ਮੁੱਦੇ ਨੂੰ ਕੌਮੀ ਸੋਚ ਦੇ ਆਧਾਰ ’ਤੇ ਸਥਾਪਤ ਕੀਤੇ ਜਾਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਸਵੈਮਸੇਵਕ ਹੁਣ ਵੀ ਕਿਰਤ ਅਤੇ ਸਿਆਸਤ ’ਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ। ਉਨ੍ਹਾਂ ਦੂਜੇ ਸਰਸੰਘਚਾਲਕ ਮਾਧਵ ਸਦਾਸ਼ਿਵ ਗੋਲਵਲਕਰ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।

Advertisement

ਉਨ੍ਹਾਂ ਕਿਹਾ ਕਿ ਸ੍ਰੀ ਗੋਲਵਲਕਰ ਨੇ ਅਧਿਆਤਮਕ ਰਵਾਇਤਾਂ ਦੇ ਆਧਾਰ ’ਤੇ ਮਨੁੱਖਤਾ ਦੇ ਕਲਿਆਣ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ ਏਕਤਾ ਦਾ ਹੋਕਾ ਦਿੱਤਾ ਸੀ। ਉਨ੍ਹਾਂ ਐਮਰਜੈਂਸੀ ਦੌਰਾਨ ਸਵੈਮਸੇਵਕਾਂ ਵੱਲੋਂ ਲੋਕਤੰਤਰ ਦੀ ਬਹਾਲੀ ਲਈ ਕੀਤੇ ਗਏ ਸੰਘਰਸ਼ ਨੂੰ ਵੀ ਯਾਦ ਕੀਤਾ। ਸੰਘ ਆਗੂ ਨੇ ਕਿਹਾ, ‘‘ਅੱਜ ਹਰ ਚੀਜ਼ ਨੂੰ ਸਿਆਸੀ ਨਜ਼ਰੀਏ ਰਾਹੀਂ ਦੇਖਣ ਦਾ ਰੁਝਾਨ ਵਧ ਗਿਆ ਹੈ। ਸੰਘ ਨੇ ਸਮਾਜ ਦੀ ਸੱਭਿਆਚਾਰਕ ਜਾਗ੍ਰਿਤੀ, ਸਹੀ ਸੋਚ ਵਾਲੇ ਲੋਕਾਂ ਅਤੇ ਸੰਗਠਨਾਂ ਦਾ ਇੱਕ ਮਜ਼ਬੂਤ ਢਾਂਚਾ ਵਿਕਸਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ।’’ ਸਮਾਜਿਕ ਬਦਲਾਅ ਵਿਚ ਮਹਿਲਾਵਾਂ ਵੱਲੋਂ ਮੋਹਰੀ ਭੂਮਿਕਾ ਨਿਭਾਏ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਮੁੱਦਾ ਸੰਘ ਦੇ ਕੰਮ ਦਾ ਕੇਂਦਰ ਬਿੰਦੂ ਰਿਹਾ ਹੈ। ਉਨ੍ਹਾਂ ਕਿਹਾ ਕਿ ਅਹਿੱਲਿਆ ਦੇਵੀ ਹੋਲਕਰ ਦੀ 300ਵੀਂ ਜੈਅੰਤੀ ਮਨਾਉਣ ਲਈ ਸੰਘ ਵੱਲੋਂ ਦਿੱਤੇ ਗਏ ਸੱਦੇ ਮਗਰੋਂ ਪੂਰੇ ਮੁਲਕ ਵਿੱਚ ਲਗਪਗ ਦਸ ਹਜ਼ਾਰ ਪ੍ਰੋਗਰਾਮ ਹੋਏ ਜਿਨ੍ਹਾਂ ਵਿੱਚ 27 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਹੋਸਬਲੇ ਨੇ ਕਿਹਾ, ‘‘ਜਦੋਂ ਸੰਘ ਆਪਣੀ ਯਾਤਰਾ ਦੇ 100ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਤਾਂ ਜਥੇਬੰਦੀ ਨੇ ਰਾਸ਼ਟਰ ਨਿਰਮਾਣ ਲਈ ਵਿਅਕਤੀ ਨਿਰਮਾਣ ਦੇ ਕੰਮ ਨੂੰ ਪਿੰਡ ਅਤੇ ਬਲਾਕ ਪੱਧਰ ਤੱਕ ਲਿਜਾਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਸੰਘ ਕਿਸੇ ਦਾ ਵਿਰੋਧ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ। ‘ਸਾਡਾ ਮੰਨਣਾ ਹੈ ਕਿ ਸੰਘ ਦੇ ਕੰਮ ਦਾ ਵਿਰੋਧ ਕਰਨ ਵਾਲਾ ਵਿਅਕਤੀ ਵੀ ਇੱਕ ਦਿਨ ਰਾਸ਼ਟਰ ਨਿਰਮਾਣ ਦੇ ਪਵਿੱਤਰ ਕਾਰਜ ਵਿੱਚ ਸੰਘ ਨਾਲ ਜੁੜ ਸਕਦਾ ਹੈ।’ ਹੋਸਬਲੇ ਨੇ ਕਿਹਾ ਕਿ ਜਦੋਂ ਦੁਨੀਆ ਜਲਵਾਯੂ ਪਰਿਵਰਤਨ ਤੋਂ ਲੈ ਕੇ ਹਿੰਸਕ ਟਕਰਾਅ ਤੱਕ ਦੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ ਤਾਂ ਭਾਰਤ ਦਾ ਪ੍ਰਾਚੀਨ ਅਤੇ ਤਜਰਬੇ ਤੋਂ ਪੈਦਾ ਹੋਇਆ ਗਿਆਨ ਇਸ ਦੇ ਹੱਲ ਵਜੋਂ ਨਵੀਂ ਦਿਸ਼ਾ ਪ੍ਰਦਾਨ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਇਹ ਵੱਡੀ ਯੋਜਨਾ ਤਾਂ ਹੀ ਸਿਰੇ ਚੜ੍ਹੇਗੀ ਜਦੋਂ ਹਰ ਬੱਚਾ ਆਪਣੀ ਭੂਮਿਕਾ ਨੂੰ ਸਮਝੇਗਾ। ਉਨ੍ਹਾਂ ਸਮੁੱਚੇ ਸਮਾਜ ਨੂੰ ਨਾਲ ਲੈ ਕੇ ਸੰਗਠਿਤ ਭਾਰਤ ਦੇ ਆਦਰਸ਼ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦਾ ਅਹਿਦ ਲੈਣ ਦਾ ਸੱਦਾ ਦਿੱਤਾ। -ਟਨਸ

ਮੋਦੀ ਅੱਜ ਆਰਐੱਸਐੱਸ ਦੇ ਬਾਨੀ ਦੀ ਯਾਦਗਾਰ ’ਤੇ ਜਾਣਗੇ

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਾਗਪੁਰ ਪਹੁੰਚਣਗੇ ਜਿੱਥੇ ਉਹ ਆਰਐੱਸਐੱਸ ਦੇ ਬਾਨੀ ਡਾ. ਕੇਬੀ ਹੈਡਗੇਵਾਰ ਦੀ ਯਾਦਗਾਰ ’ਤੇ ਜਾਣਗੇ ਅਤੇ

ਦੀਕਸ਼ਾਭੂਮੀ ’ਚ ਡਾ. ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਨਗੇ। ਪ੍ਰਧਾਨ ਮੰਤਰੀ ਅਜਿਹੇ ਸਮੇਂ ਇਹ ਦੌਰਾ ਕਰਨਗੇ ਜਦੋਂ ਗੁੜੀ ਪੜਵਾ ਦੇ ਤਿਉਹਾਰ ਮੌਕੇ ਆਰਐੱਸਐੱਸ ਦਾ ਸਮਾਗਮ ਕਰਵਾਇਆ ਜਾਵੇਗਾ। ਇੱਕ ਸਰਕਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਮ੍ਰਿਤੀ ਮੰਦਰ ਜਾਣਗੇ ਅਤੇ ਆਰਐੱਸਐੱਸ ਦੇ ਬਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਹੇਡਗੇਵਾਰ ਤੇ ਆਰਐੱਸਐੱਸ ਦੇ ਦੂਜੇ ਸਰਸੰਘ ਸੰਚਾਲਕ ਐੱਮਐੱਸ ਗੋਲਵਲਕਰ ਦੀ ਯਾਦਗਾਰ ਨਾਗਪੁਰ ਦੇ ਰਸ਼ਿਮਬਾਗ ਖੇਤਰ ’ਚ ਡਾ. ਹੈਡਗੇਵਾਰ ਸਮ੍ਰਿਤੀ ਮੰਦਰ ’ਚ ਸਥਿਤ ਹੈ। ਪ੍ਰਧਾਨ ਮੰਤਰੀ ਨਾਗਪੁਰ ’ਚ ਦੀਕਸ਼ਾਭੂਮੀ ਜਾਣਗੇ ਅਤੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਨਗੇ। ਅੰਬੇਡਕਰ ਨੇ ਦੀਕਸ਼ਾਭੂਮੀ ’ਚ 1956 ਵਿੱਚ ਆਪਣੇ ਹਜ਼ਾਰਾਂ ਪੈਰੋਕਾਰਾਂ ਨਾਲ ਬੁੱਧ ਧਰਮ ਅਪਣਾਇਆ ਸੀ। ਬਿਆਨ ਅਨੁਸਾਰ ਪ੍ਰਧਾਨ ਮੰਤਰੀ ‘ਮਾਧਵ ਨੇਤਰਾਲਿਆ ਪ੍ਰੀਮੀਅਮ ਸੈਂਟਰ’ ਦਾ ਨੀਂਹ ਪੱਥਰ ਵੀ ਰੱਖਣਗੇ। -ਪੀਟੀਆਈ

Advertisement