ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਨੀਪੁਰ ਦੇ ਤਿੰਨ ਜ਼ਿਲ੍ਹਿਆਂ ’ਚੋਂ 10 ਅਤਿਵਾਦੀ ਗ੍ਰਿਫ਼ਤਾਰ

ਸੁਰੱਖਿਆ ਬਲਾਂ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਕੀਤੀਆਂ ਗ੍ਰਿਫ਼ਤਾਰੀਆਂ
ਮਨੀਪੁਰ ਵਿੱਚ ਸੁਰੱਖਿਆ ਬਲਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਤਿਵਾਦੀ।
Advertisement

ਸੁਰੱਖਿਆ ਬਲਾਂ ਨੇ ਦੋ ਦਿਨਾਂ ਵਿੱਚ ਵੱਖ-ਵੱਖ ਕਾਰਵਾਈਆਂ ਦੌਰਾਨ ਮਨੀਪੁਰ ਵਿੱਚ ਵੱਖ-ਵੱਖ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਸਬੰਧਤ 10 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਬੇ ਦੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਜੰਗਲਾਂ ’ਚੋਂ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਪਾਬੰਦੀਸ਼ੁਦਾ ਜਥੇਬੰਦੀ ਦੇ ਸੀਨੀਅਰ ਕਮਾਂਡਰ ਅਤੇ ਪੰਜ ਹੋਰ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨੀਮ ਫੌਜੀ ਬਲ ਨੇ ਬਿਆਨ ਵਿੱਚ ਕਿਹਾ, ‘‘ਅਸਾਮ ਰਾਈਫਲਜ਼ ਨੇ ਪਹਿਲੀ ਅਕਤੂਬਰ ਨੂੰ ਜੰਗਲ ਵਿੱਚ ‘ਅਪਰੇਸ਼ਨ ਸੋਂਗਕੋਟ’ ਨਾਮ ਦੀ ਮੁਹਿੰਮ ਚਲਾ ਕੇ ‘ਯੂਨਾਈਟਿਡ ਕੁਕੀ ਨੈਸ਼ਨਲ ਆਰਮੀ’ (ਯੂ ਕੇ ਐੱਨ ਏ) ਦੇ ਸੀਨੀਅਰ ਕਮਾਂਡਰ ਐੱਸ ਐੱਸ ਲੈਫ਼ਟੀਨੈਂਟ ਜਾਮਖੋਗਿਨ ਗੁਈਟੇ ਲੁਫੋ ਉਰਫ਼ ਪੈਪਸੀ ਨੂੰ ਗ੍ਰਿਫ਼ਤਾਰ ਕਰ ਲਿਆ।’’ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮੁਹਿੰਮ ਦੌਰਾਨ ਪੰਜ ਹੋਰ ਅਤਿਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੀਪੁਰ ਦੇ ਅਧਿਕਾਰੀਆਂ ਨੇ ਕਿਹਾ ਕਿ ਯੂ ਕੇ ਐੱਨ ਏ ਕਮਾਂਡਰ ਕਥਿਤ ਤੌਰ ’ਤੇ ਜਨਵਰੀ 2024 ਵਿੱਚ ਬਿਸ਼ਨੂਪੁਰ ਜ਼ਿਲ੍ਹੇ ’ਚ ਇਕ ਪਿਤਾ ਤੇ ਪੁੱਤਰ ਸਣੇ ਮੈਤੇਈ ਭਾਈਚਾਰੇ ਦੇ ਚਾਰ ਮੈਂਬਰਾਂ ਦੀ ਹੱਤਿਆ ਵਿੱਚ ਸ਼ਾਮਲ ਸੀ।

ਇਸੇ ਦੌਰਾਨ ਸੁਰੱਖਿਆ ਬਲਾਂ ਨੇ ਮਨੀਪੁਰ ਦੇ ਥੌਬਲ ਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਤੋਂ ਵੱਖ-ਵੱਖ ਪਾਬੰਦੀਸ਼ੁਦਾ ਜਥੇਬੰਦੀਆਂ ਦੇ ਚਾਰ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੀਆਂ ਗ੍ਰਿਫ਼ਤਾਰੀਆਂ ਸ਼ੁੱਕਰਵਾਰ ਨੂੰ ਕੀਤੀਆਂ ਗਈਆਂ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਾਬੰਦੀਸ਼ੁਦਾ ਜਥੇਬੰਦੀ ‘ਕਾਂਗਲੀਪਾਕ ਕਮਿਊਨਿਸਟ ਪਾਰਟੀ’ (ਅਪੁਨਬਾ) ਦੀ ਇਕ ਮਹਿਲਾ ਸਣੇ ਦੋ ਸਰਗਰਮ ਕਾਰਕੁਨਾਂ ਨੂੰ ਥੌਬਲ ਵਾਂਗਖੇਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇਕ ਖ਼ੁਦ ਬਣੇ ਕਾਰਪੋਰਲ ਨੂੰ ਇੰਫਾਲ ਪੱਛਮੀ ਦੇ ਨਿੰਗੋਮਬਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਇੰਫਾਲ ਪੱਛਮੀ ਦੇ ਨਾਓਰੇਮਥੌਂਗ ਤੋਂ ਕੇ ਸੀ ਪੀ (ਪੀ ਡਬਲਿਊ ਜੀ) ਦੇ ਇਕ ਮੈਂਬਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਜਾਂਚ ਜਾਰੀ ਹੈ।

Advertisement

 

ਚੁਰਾਚਾਂਦਪੁਰ ਵਿੱਚ ਡਾਕ ਸੇਵਾਵਾਂ ਬਹਾਲ

ਚੁਰਾਚਾਂਦਪੁਰ: ਮਨੀਪੁਰ ਦੇ ਚੁਰਾਚਾਂਦਪੁਰ ਵਿੱਚ ਡਾਕ ਸੇਵਾਵਾਂ ਮੁੜ ਤੋਂ ਬਹਾਲ ਹੋ ਗਈਆਂ ਹਨ। ਮਈ 2023 ਵਿੱਚ ਮਨੀਪੁਰ ’ਚ ਜਾਤੀ ਹਿੰਸਾ ਭੜਕਨ ਤੋਂ ਬਾਅਦ ਪਹਿਲੀ ਵਾਰ ਇਕ ਡਾਕ ਵਾਹਨ ਜ਼ਿਲ੍ਹੇ ਵਿੱਚ ਦਾਖ਼ਲ ਹੋਇਆ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਾਹਨ ਸ਼ੁੱਕਰਵਾਰ ਸਵੇਰੇ 11.30 ਵਜੇ ਜ਼ਿਲ੍ਹਾ ਹੈੱਡਕੁਆਰਟਰ ਪੁੱਜਿਆ। ਵਾਹਨ ਤੋਂ ਪੱਤਰ, ਪਾਰਸਲ ਅਤੇ ਹੋਰ ਸਾਮਾਨ ਲਾਹਿਆ ਗਿਆ ਅਤੇ ਇਸ ਮਗਰੋਂ ਇਹ ਬਾਅਦ ਦੁਪਹਿਰ ਕਰੀਬ 12.40 ਵਜੇ ਇੰਫਾਲ ਪਰਤਿਆ। ਹਿੰਸਾ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਚੁਰਾਚਾਂਦਪੁਰ ਵਿੱਚ ਨਿਯਮਤ ਤੌਰ ’ਤੇ ਡਾਕ ਸੇਵਾ ਠੱਪ ਸੀ। -ਪੀਟੀਆਈ

Advertisement
Show comments