ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ:  ਲੰਬੀ ਵਿੱਚ ਤਿਕੋਣੇ ਟਾਕਰੇ ਦੇ ਆਸਾਰ ਬਣੇ

ਸੁਖਬੀਰ, ਫਤਹਿ ਤੇ ਖੁੱਡੀਆਂ ਵੱਲੋਂ ਆਪੋ-ਆਪਣੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ
Advertisement

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਲੰਬੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਸੱਤਾਧਾਰੀ ‘ਆਪ’ ਦਰਮਿਆਨ ਤਿਕੋਣੇ ਟਾਕਰੇ ਦੇ ਆਸਾਰ ਬਣ ਚੁੱਕੇ ਹਨ। ਉਮੀਦਵਾਰ ਤੈਅ ਕਰਨ ਸਬੰਧੀ ਪਿੰਡ ਬਾਦਲ ਵਿੱਚ ਸਿਆਸੀ ਗਹਿਮਾ-ਗਹਿਮੀ ਦਾ ਮਾਹੌਲ ਰਿਹਾ। ਤਿੰਨੇ ਮੁੱਖ ਪਾਰਟੀਆਂ ਵਿਧਾਨ ਸਭਾ ਚੋਣਾਂ-2027 ਦੀ ਤਿਆਰੀ ਲਈ ਇਨ੍ਹਾਂ ਚੋਣਾਂ ਰਾਹੀਂ ਆਪੋ-ਆਪਣੀਆਂ ਰਣਨੀਤੀਆਂ ਘੜ ਰਹੀਆਂ ਹਨ।

ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਰਿਹਾਇਸ਼ ’ਤੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਵਾਈਜ਼ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਵਰਕਰਾਂ ਦੀ ਉਮੀਦਵਾਰਾਂ ਸਬੰਧੀ ਰਾਇ ਲਈ ਗਈ। ਦੂਜੇ ਪਾਸੇ, ਲੰਬੀ ਹਲਕੇ ਵਿਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਫਤਹਿ ਸਿੰਘ ਬਾਦਲ ਵੱਲੋਂ ਆਪਣੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਜਦਕਿ ਸੱਤਾਧਾਰੀ ‘ਆਪ’ ਵੱਲੋਂ ਬੀਤੇ ਦਿਨੀਂ ਸਿਆਸੀ ਰਣਨੀਤੀ ਤਹਿਤ ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ।

Advertisement

ਵਿਧਾਨ ਸਭਾ ਦੇ ਸੈਮੀਫਾਈਨਲ ਵਜੋਂ ਵੇਖੀਆਂ ਜਾ ਰਹੀਆਂ ਇਨ੍ਹਾਂ ਚੋਣਾਂ ਰਾਹੀਂ ਅਕਾਲੀ ਦਲ ਹਲਕੇ ਵਿੱਚ ਪੈਠ ਬਣਾਉਣ ਦੀ ਕੋਸ਼ਿਸ਼ ਵਿੱਚ ਹੈ। ਉਧਰ, ਕਾਂਗਰਸ ਵੱਲੋਂ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਬਾਦਲ ਦੇ ਫਰਜੰਦ ਫਤਹਿ ਬਾਦਲ ਵੀ ਲੰਬੀ ਹਲਕੇ ਤੋਂ ਕਾਂਗਰਸ ਟਿਕਟ ਦੇ ਵੱਡੇ ਦਾਅਵੇਦਾਰ ਹਨ। ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਜਿੱਤਣ ਵਾਲੀ ‘ਆਪ’ ਹਲਕਾ ਲੰਬੀ ’ਤੇ ਆਪਣਾ ਵੱਕਾਰ ਬਰਕਰਾਰ ਰੱਖਣ ਲਈ ਯਤਨਸ਼ੀਲ ਹੈ।

ਚੋਣਾਂ ਵਿੱਚ 25 ਜ਼ੋਨਾਂ ਵਿੱਚੋਂ ਸੱਤ ਜਨਰਲ

ਪੰਚਾਇਤ ਸੰਮਤੀ ਲੰਬੀ ਦੇ 25 ਜ਼ੋਨ ਅਤੇ ਜ਼ਿਲ੍ਹਾ ਪਰਿਸ਼ਦ ਦੇ 4 ਜ਼ੋਨ ਹਲਕਾ ਲੰਬੀ ਨਾਲ ਸਬੰਧਤ ਹਨ। ਜ਼ਿਲ੍ਹਾ ਪਰਿਸ਼ਦ ਕੋਟਭਾਈ ਜ਼ੋਨ ਲੰਬੀ-ਗਿੱਦੜਬਾਹਾ ਹਲਕਿਆਂ ਦਾ ਸਾਂਝਾ ਹੈ। ਪੰਚਾਇਤ ਸੰਮਤੀ ਲੰਬੀ ਦੇ 25 ਜ਼ੋਨਾਂ ਵਿੱਚੋਂ ਐੱਸਸੀ ਵਰਗ ਲਈ ਛੇ, ਐੱਸ ਸੀ (ਇਸਤਰੀ) ਲਈ ਛੇ, ਇਸਤਰੀ (ਜਨਰਲ) ਲਈ ਛੇ ਅਤੇ ਜਨਰਲ ਵਰਗ ਲਈ ਸੱਤ ਜ਼ੋਨ ਰਾਖਵੇਂ ਹਨ। ਜ਼ਿਲ੍ਹਾ ਪਰਿਸ਼ਦ (ਲੰਬੀ ਜ਼ੋਨ) ਜਨਰਲ, ਫਤਿਹਪੁਰ ਮਨੀਆਂ ਜ਼ੋਨ (ਐੱਸ ਸੀ) ਵਰਗ ਅਤੇ ਕਿੱਲਿਆਂਵਾਲੀ ਜ਼ੋਨ (ਇਸਤਰੀ) ਲਈ ਰਾਖਵਾਂ ਹੈ। ਇਸਦੇ ਇਲਾਵਾ ਸਰਾਵਾਂ ਜੈਲ ਖੇਤਰ ’ਤੇ ਅਧਾਰਤ ਮਿੱਡਾ ਜ਼ੋਨ (ਐੱਸ ਸੀ ਇਸਤਰੀ) ਲਈ ਰਾਖਵਾਂ ਹੈ।

Advertisement
Show comments