ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ: ਵੱਡੇ ਸਿਆਸੀ ਨੇਤਾ ਚੋਣ ਪ੍ਰਚਾਰ ਤੋਂ ਦੂਰ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਜਦੋਂ ਹੁਣ ਚੋਣ ਪ੍ਰਚਾਰ ਲਈ ਸਿਰਫ਼ ਭਲਕੇ 12 ਦਸੰਬਰ ਦਾ ਦਿਨ ਹੀ ਬਾਕੀ ਰਹਿ ਗਿਆ ਹੈ ਤਾਂ ਰਾਜ ਦੀਆਂ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਦੇ ਦਿੱਗਜ਼ ਨੇਤਾ ਮਾਨਸਾ ਜ਼ਿਲ੍ਹੇ ਵਿੱਚ ਆਪੋ-ਆਪਣੇ ਪਾਰਟੀ ਉਮੀਦਵਾਰਾਂ ਲਈ ਵੋਟਾਂ ਮੰਗਣ ਨਹੀਂ ਆ ਸਕੇ ਹਨ। ਸੱਤਾਧਾਰੀ ਆਮ ਆਦਮੀ ਪਾਰਟੀ ਸਮੇਤ ਸ੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਸਥਾਨਕ ਨੇਤਾ ਹੀ ਇਸ ਜ਼ਿਲ੍ਹੇ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਹਾਤੀ ਖੇਤਰਾਂ ਵਿੱਚ ਚੋਣ ਪ੍ਰਚਾਰ ਰੈਲੀਆਂ ਕਰਨ ਲਈ ਰੁੱਝ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਮੁਕਾਬਲੇ ਚੋਣ ਲੜਨ ਵਾਲੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਕਿਧਰੇ ਨੁੱਕੜ ਰੈਲੀਆਂ ਵਿੱਚ ਵਿਖਾਈ ਨਹੀਂ ਦਿੱਤੇ ਹਨ।
ਇਸ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਅਤੇ ਜ਼ਿਲ੍ਹਾ ਪਰਿਸ਼ਦ ਸਮੇਤ ਬਲਾਕ ਸਮਿਤੀ ਦੀਆਂ ਚੇਅਰਮੈਨੀਆਂ ਹਾਸਲ ਕਰਨ ਲਈ ਜ਼ਿਲ੍ਹੇ ਦੇ ਤਿੰਨੋ ਵਿਧਾਇਕਾਂ ਡਾ. ਵਿਜੈ ਸਿੰਗਲਾ, ਪ੍ਰਿੰਸੀਪਲ ਬੁੱਧ ਰਾਮ, ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪੂਰਾ ਤਾਣ ਲਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਨਾਲ ਜ਼ਿਲ੍ਹੇ ਦੀ ਦੂਸਰੀ ਟੀਮ ਵੀ ਪੂਰੀ ਰੁੱਝੀ ਹੋਈ ਹੈ। ਆਮ ਆਦਮੀ ਪਾਰਟੀ ਦਾ ਕੋਈ ਵੀ ਦਿੱਗਜ਼ ਨੇਤਾ ਇਨ੍ਹਾਂ ਚੋਣਾਂ ਦੌਰਾਨ ਵਰਕਰਾਂ ਦੀ ਹੌਸਲ ਅਫ਼ਜਾਈ ਲਈ ਕਿੱਧਰੇ ਵਿਖਾਈ ਨਹੀਂ ਦਿੱਤਾ ਹੈ। ਭਾਵੇਂ ਸ੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਇਸ ਵੇਲੇ ਚੋਣ ਪ੍ਰਚਾਰ ਵਿੱਚ ਉਤਰੇ ਹੋਏ ਹਨ। ਉਨ੍ਹਾਂ ਨਾਲ ਪਾਰਟੀ ਦੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਜਤਿੰਦਰ ਸਿੰਘ ਸੋਢੀ, ਡਾ.ਨਿਸ਼ਾਨ ਸਿੰਘ,ਪ੍ਰੇਮ ਅਰੋੜਾ ਵੱਖ-ਵੱਖ ਹਲਕਿਆਂ ਵਿੱਚ ਹਰ-ਰੋਜ਼ ਨੁੱਕੜ ਰੈਲੀਆਂ ਕਰਵਾ ਰਹੇ ਹਨ। ਪਾਰਟੀ ਵੱਲੋਂ ਜ਼ਿਲ੍ਹਾ ਪਰਿਸ਼ਦ ਲਈ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਬਲਵੀਰ ਸਿੰਘ ਬੀਰੋਕੇ, ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓ, ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚਾਹਲ ਦੇ ਮਾਤਾ ਗੁਰਮੇਲ ਕੌਰ ਰਾਏਪੁਰ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਬੇਸ਼ੱਕ ਕਾਂਗਰਸ ਪਾਰਟੀ ਇਸ ਵੇਲੇ ਉਪਰਲੇ ਪੱਧਰ ’ਤੇ ਬੁਰੀ ਤਰ੍ਹਾਂ ਉਲਝੀ ਹੋਈ ਹੈ, ਪਰ ਇਸ ਜ਼ਿਲ੍ਹੇ ਵਿੱਚ ਕੋਈ ਵੀ ਵੱਡਾ ਨੇਤਾ ਆਪਣੇ ਵਰਕਰਾਂ ਨੂੰ ਪੰਚਾਇਤ ਸਮਿਤੀ ਜਾਂ ਜ਼ਿਲ੍ਹਾ ਪਰਿਸ਼ਦ ਲਈ ਨੁੱਕੜ ਰੈਲੀਆਂ ਵਾਸਤੇ ਅੱਜ ਤੱਕ ਸੰਬੋਧਨ ਕਰਨ ਨਹੀਂ ਆਇਆ ਹੈ। ਇਸ ਵੇਲੇ ਜ਼ਿਲ੍ਹੇ ਵਿੱਚ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫ਼ਰ, ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਗੁਰਪ੍ਰੀਤ ਸਿੰਘ ਵਿੱਕੀ, ਡਾ. ਰਣਵੀਰ ਕੌਰ ਮੀਆਂ ਵੱਲੋਂ ਵੱਖ-ਵੱਖ ਹਲਕਿਆਂ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਪਿੰਡਾਂ ਵਿੱਚ ਚੋਣਾਂ ਦਾ ਅਖਾੜਾ ਭਖਿਆ
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਜ਼ਿਲ੍ਹਾ ਪਰਸ਼ਿਦ ਅਤੇ ਬਲਾਕ ਸਮਿਤੀ ਚੋਣਾਂ ਨੇ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। 14 ਦਸੰਬਰ ਨੂੰ ਹੋਣ ਵਾਲੀ ਵੋਟਿੰਗ ਨੇੜੇ ਆਉਣ ਨਾਲ ਪਿੰਡਾਂ ਵਿੱਚ ਚਰਚਾਵਾਂ, ਬੈਠਕਾਂ ਅਤੇ ਗਰੁੱਪਬੰਦੀਆਂ ਦਾ ਦੌਰ ਜ਼ੋਰਾਂ ’ਤੇ ਹੈ। ਹਰ ਗਲੀ-ਮੁਹੱਲੇ ਵਿੱਚ ਵੋਟਰ ਚੋਣੀ ਹਾਲਾਤਾਂ ਦੀ ਗਿਣਤੀ ਮਿਣਤੀ ਕਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ 2027 ਦੇ ਸੈਮੀ ਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਇਸ ਵਾਰ ਨਤੀਜੇ ਕਾਫੀ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਇਸ ਸਿਆਸੀ ਮੈਦਾਨ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਤਿੱਖੀ ਟੱਕਰ ਨੇ ਮੁਕਾਬਲੇ ਨੂੰ ਹੋਰ ਵੀ ਗਰਮਾ ਦਿੱਤਾ ਹੈ। ਕੁਝ ਸੀਟਾਂ ਉੱਤੇ ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ ) ਦੇ ਉਮੀਦਵਾਰ ਵੀ ਮੈਦਾਨ ਵਿੱਚ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਅਕਾਲੀ ਦਲ ਜਿੱਥੇ ਪਿੰਡ ਪੱਧਰ ’ਤੇ ਆਪਣੇ ਪਰੰਪਰਿਕ ਵੋਟ ਬੇਸ ਨੂੰ ਮੁੜ ਇਕੱਠਾ ਕਰਨ ’ਚ ਲੱਗਾ ਹੈ, ਉਥੇ ਪੁਰਾਣੇ ਧੜਿਆਂ ਨੂੰ ਜੋੜਨਾ, ਘਰੇਲੂ ਮੀਟਿੰਗਾਂ ਅਤੇ ਨਿੱਜੀ ਸੰਪਰਕ ਮੁਹਿੰਮ ਇਸ ਸਮੇਂ ਅਕਾਲੀ ਕੈਂਪ ਦੀ ਸਭ ਤੋਂ ਵੱਡੀ ਰਣਨੀਤੀ ਹੈ। ਦੂਜੇ ਪਾਸੇ ਕਾਂਗਰਸ ਉਮੀਦਵਾਰ ਮੌਕੇ ਦੀ ਸਰਕਾਰ ਨਾਲ ਪਿੰਡ ਪੱਧਰ ਦੀ ਨਾਰਾਜ਼ਗੀ, ਰੁਕੇ ਪਏ ਵਿਕਾਸ ਕਾਰਜ ਅਤੇ ਲੋਕਾਂ ਦੇ ਸਥਾਨਕ ਮੁੱਦਿਆਂ ਨੂੰ ਉਭਾਰ ਕੇ ਮਾਹੌਲ ਬਣਾ ਰਹੀ ਹੈ। ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ‘ਆਪ’ ਸਰਕਾਰ ਆਪਣੇ ਸਿੱਖਿਆ ਸਿਹਤ ਮਾਡਲ, ਸਹੂਲਤਾਂ ’ਚ ਸੁਧਾਰ ਅਤੇ ਨਵੀਆਂ ਯੋਜਨਾਵਾਂ ਨੂੰ ਹਥਿਆਰ ਬਣਾ ਕੇ ਚੋਣ ਲੜ ਰਹੀ ਹੈ। ਦਸਣਯੋਗ ਹੈ, ਕਿ ਜ਼ਿਲ੍ਹਾ ਪਰਿਸ਼ਦ ਦੀਆਂ 17 ਸੀਟਾਂ ਲਈ 63 ਉਮੀਦਵਾਰ ਅਤੇ ਪੰਚਾਇਤ ਸਮਿਤੀ ਦੀਆਂ 137 ਸੀਟਾਂ ਲਈ 448 ਉਮੀਦਵਾਰਾਂ ਸਣੇ ਕੁੱਲ 511 ਉਮੀਦਵਾਰ ਮੈਦਾਨ ਵਿੱਚ ਹਨ।
