ਯੁਵਕ ਮੇਲਾ: ਗੁਰੂ ਨਾਨਕ ਕਾਲਜ ਬੁਢਲਾਡਾ ਨੇ ਬਾਜ਼ੀ ਮਾਰੀ
ਐਸ.ਡੀ. ਕੰਨਿਆ ਮਹਾਵਿਦਿਆਲਾ ਮਾਨਸਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਜਾ ਰਹੇ ਖੇਤਰੀ ਯੁਵਕ ਅਤੇ ਲੋਕ ਮੇਲਾ ਮਾਨਸਾ ਜ਼ੋਨ-2025 ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ, ਜਿਸ ਵਿੱਚ 43 ਕਾਲਜਾਂ ਦੇ ਲਗਪਗ 1000 ਮੁੰਡੇ-ਕੁੜੀਆਂ ਨੇ ਹਿੱਸਾ ਲਿਆ। ਖੇਤਰੀ ਯੁਵਕ ਮੇਲੇ ’ਚ ਓਵਰਆਲ ਪਹਿਲਾ ਸਥਾਨ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਦਕਿ ਮੇਜ਼ਬਾਨ ਐਸ.ਡੀ ਕੰਨਿਆਂ ਮਹਾਂਵਿਦਿਆਲਾ ਮਾਨਸਾ ਨੇ ਦੂਜਾ ਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਨੇ ਤੀਜਾ ਸਥਾਨ ਹਾਸਲ ਕੀਤਾ। ਵੱਖ-ਵੱਖ ਸਟੇਜਾਂ ’ਤੇ ਗਿੱਧਾ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ, ਰਵਾਇਤੀ ਲੋਕ ਗੀਤ (ਲੰਮੀਆਂ ਹੇਕਾਂ ਵਾਲੇ), ਸ਼ਸਤਰੀ ਸੰਗੀਤ ਵਾਦਨ (ਤਾਲ), ਸ਼ਾਸਤਰੀ ਸੰਗੀਤ (ਸਵਰ), ਕਲੀ ਗਾਇਨ, ਵਾਰ ਗਾਇਨ ਤੇ ਕਵੀਸ਼ਰੀ ਦੇ ਮੁਕਾਬਲੇ ਹੋਏ।
ਸਵੇਰ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਸ਼ਾਮ ਚੌਧਰੀ (ਚੀਫ ਕਮਰਸ਼ੀਅਲ ਅਫਸਰ ਤਲਵੰਡੀ ਸਾਬੋ), ਵਿਸ਼ੇਸ਼ ਮਹਿਮਾਨ ਕੋਨਾਲ ਸ਼ਰਮਾ (ਐਸੋਸੀਏਟ ਮੈਨੇਜਰ ਐਚ.ਆਰ ਤਲਵੰਡੀ ਸਾਬੋ), ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਸ਼ਿਰਕਤ ਕੀਤੀ। ਕਾਲਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੰਜੀਵ ਕੁਮਾਰ ਅਤੇ ਹੇਮਰਾਜ ਗਰਗ ਨੇ ਮੇਲੇ ਦੀ ਪ੍ਰਧਾਨਗੀ ਕੀਤੀ। ਦੁਪਹਿਰ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਵਿਰਾਸਤ ਅਤੇ ਮਾਤ ਭਾਸ਼ਾ ਨਾਲ ਜੋੜਨਾ ਸਮੇਂ ਦੀ ਲੋੜ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਯੁਵਕ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਵੀ ਕਾਲਜ ਦੇ ਪ੍ਰਬੰਧਾਂ ’ਤੇ ਖੁਸ਼ੀ ਪ੍ਰਗਟਾਈ ਅਤੇ ਨਾਲ ਹੀ ਯੁਵਕ ਖੇਤਰੀ ਲੋਕ ਮੇਲੇ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਐੱਸ ਡੀ ਕਾਲਜ ਨੇ ਰੰਗੋਲੀ, ਲੁੱਡੀ ਨਾਚ, ਰਵਾਇਤੀ (ਲੋਕ ਗੀਤ ਲੰਮੀਆਂ ਹੇਕਾਂ ਵਾਲੇ ਗੀਤ), ਕਲੀ ਗਾਇਨ, ਨਾਲਾ ਬੁਣਨਾ, ਖਿੱਦੋ ਬਣਾਉਣਾ, ਕਾਵਿ ਉਚਾਰਨ, ਇੰਨੂ ਬਣਾਉਣ ਵਿੱਚ ਪਹਿਲਾ ਸਥਾਨ ਤੇ ਨੁੱਕੜ ਨਾਟਕ, ਗਿੱਧਾ ’ਚ ਦੂਜਾ ਸਥਾਨ ਹਾਸਲ ਕੀਤਾ। ਵਿਧਾਇਕ ਡਾ. ਵਿਜੈ ਸਿੰਗਲਾ, ਡਾ. ਜਗਦੀਪ ਸਿੰਘ ਵਾਈਸ ਚਾਂਸਲਰ, ਡਾ. ਭੀਮਿੰਦਰ ਸਿੰਘ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ।
