ਤਾਜੋਕੇ ’ਚ ਭੇਤਭਰੇ ਹਾਲਾਤ ’ਚ ਨੌਜਵਾਨ ਦੀ ਮੌਤ
ਨਜ਼ਦੀਕੀ ਪਿੰਡ ਤਾਜੋਕੇ ਵਿੱਚ ਸ਼ਮਸ਼ਾਨਘਾਟ ਦੇ ਪਿਛਲੇ ਪਾਸੇ ਕਬਰਾਂ ’ਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ’ਤੇ ਲੋਕ ਸਹਿਮ ਗਏ। ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਨੂੰ ਲੈ ਕੇ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਮ੍ਰਿਤ ਦੀ ਪਛਾਣ ਗੁਰਪ੍ਰੀਤ ਸਿੰਘ (ਵਿੱਕੀ) ਪੁੱਤਰ ਕ੍ਰਿਸ਼ਨ ਸਿੰਘ ਵਾਸੀ ਤਾਜੋਕੇ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਲਗਪਗ ਤਿੰਨ ਮਹੀਨੇ ਪਹਿਲਾਂ ਨਾਲ ਵਿਆਹ ਹੋਇਆ ਸੀ। ਤਿੰਨ ਦਿਨ ਪਹਿਲਾਂ ਜਦੋਂ ਉਸ ਦਾ ਪਤੀ ਸ਼ਾਮ 5 ਵਜੇ ਦੇ ਕਰੀਬ ਘਰ ਆਇਆ ਤਾਂ ਉਸ ਦੇ ਦੋ ਦੋਸਤ ਉਸ ਨੂੰ ਬੁਲਾ ਕੇ ਨਾਲ ਲੈ ਗਏ ਤੇ ਉਨ੍ਹਾਂ ਨੇ ਜ਼ਰੂਰੀ ਕੰਮ ਹੋਣ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਜਦੋਂ ਦੋ ਘੰਟਿਆਂ ਬਾਅਦ ਫ਼ੋਨ ਕੀਤਾ ਤਾਂ ਉਸ ਨੇ ਕਿਹਾ ਕਿ ਪੰਜ ਮਿੰਟ ’ਚ ਆ ਰਿਹਾਂ ਪਰ ਉਸ ਤੋਂ ਬਾਅਦ ਮੋਬਾਈਲ਼ ਬੰਦ ਹੋ ਗਿਆ। ਉਨ੍ਹਾਂ ਉਸ ਦੀ ਗੁੰਮਸ਼ੁਦਗੀ ਸਬੰਧੀ ਸੂਚਨਾ ਤਪਾ ਪੁਲੀਸ ਨੂੰ ਦਿੱਤੀ, ਪਰ ਕੱਲ੍ਹ ਕਿਸੇ ਪਿੰਡ ਵਾਲੇ ਨੂੰ ਉਸ ਦਾ ਮੋਟਰਸਾਇਕਲ ਸਟੇਡੀਅਮ ’ਚੋਂ ਮਿਲਿਆ, ਜੋ ਗੁਰਦੁਆਰਾ ਸਾਹਿਬ ਵਿਖੇ ਖੜ੍ਹਾ ਕਰਕੇ ਚਲਾ ਗਿਆ। ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਉਹ ਸਟੇਡੀਅਮ ਦੇ ਨੇੜੇ ਤੇੜੇ ਹੀ ਹੋਵੇਗਾ ਪਰ ਉਥੋਂ ਨਾ ਮਿਲਿਆ। ਅੱਜ ਸਵੇਰ ਸਮੇਂ ਚਰਵਾਹੇ ਨੂੰ ਬਦਬੂ ਆਉਣ ’ਤੇ ਦੇਖਿਆ ਕਿ ਸ਼ਮਸ਼ਾਨਘਾਟ ਦੇ ਪਿਛਲੇ ਪਾਸੇ ਕਬਰਾਂ ’ਚ ਗਲੀ ਸੜੀ ਲਾਸ਼ ਪਾਈ ਹੈ, ਜਿਸ ਦੀ ਸੂਚਨਾ ਉਨ੍ਹਾਂ ਪਿੰਡ ਵਾਸੀਆਂ ਨੂੰ ਦਿੱਤੀ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਪੁਲੀਸ ਸਟੇਸ਼ਨ ਤਪਾ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸ਼ਰੀਫ਼ ਖਾਨ ਦੀ ਅਗਵਾਈ ‘ਚ ਥਾਣੇਦਾਰ ਰਣਜੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮੋਰਚਰੀ ਰੂਮ ਬਰਨਾਲਾ ਵਿੱਚ ਰੱਖਵਾ ਦਿੱਤਾ। ਮ੍ਰਿਤਕ ਦੀ ਪਤਨੀ ਨੇ ਇਹ ਦੋਸ਼ ਲਾਇਆ ਕਿ ਉਸ ਦੇ ਪਤੀ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲੀਸ ਇਸ ਮਾਮਲੇ ਨੂੰ ਲੈ ਕੇ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਪੜਤਾਲ ਤੋਂ ਬਾਅਦ ਹੀ ਸਭ ਕੁਝ ਸਪਸ਼ਟ ਹੋਵੇਗਾ।