ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ’ਚ ਤਸ਼ੱਦਦ ਕਾਰਨ ਨੌਜਵਾਨ ਦੀ ਮੌਤ
ਥਾਣਾ ਚੜਿੱਕ ਨੇੜੇ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚ ਤਸ਼ੱਦਦ ਕਾਰਨ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਵਜੋਂ ਹੋਈ ਹੈ। ਇਸ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦੇ ਗੇਟ ਉੱਤੇ ਮੈਰਿਜ ਪੈਲਸ ਲਿਖਿਆ ਹੋਇਆ ਹੈ। ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਅਤੇ ਥਾਣਾ ਚੜਿੱਕ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਇਹ ਨਸ਼ਾ ਛੁਡਾਊ ਕੇਂਦਰ ਕਰੀਬ 3 ਸਾਲ ਪਹਿਲਾਂ ਪ੍ਰਸ਼ਾਸਨ ਦੇ ਹੁਕਮਾਂ ਨਾਲ ਬੰਦ ਕੀਤਾ ਸੀ ਪਰ ਇਹ ਧੋਖੇ ਨਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ 4 ਜੁਲਾਈ ਨੂੰ ਜਸਪਾਲ ਸਿੰਘ ਪਿੰਡ ਬੁੱਕਣਵਾਲਾ ਸ਼ਰਾਬ ਛੱਡਣ ਲਈ ਦਾਖ਼ਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਸਪਾਲ ਸਿੰਘ ਦੀ ਪਤਨੀ ਮਨਦੀਪ ਕੌਰ ਦੇ ਬਿਆਨ ਉੱਤੇ ਗੈਰ ਕਾਨੂੰਨੀ ਨਸ਼ਾ ਛੁਡਾਊ ਦੇ ਕੇਂਦਰ ਸੰਚਾਲਕ ਇੰਦਰਜੀਤ ਸਿੰਘ ਉਸ ਦੇ ਲੜਕੇ ਸੁਰਿੰਦਰ ਸਿੰਘ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦਾ ਦੋਸ਼ ਕਿ ਉਸ ਦਾ ਪਤੀ ਜਸਪਾਲ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਉਹ ਆਪਣੇ ਪਤੀ ਨੂੰ ਮਿਲਣ ਆਈ ਸੀ ਤਾਂ ਉਸ ਦੀ ਲਾਸ਼ ਕਮਰੇ ਵਿਚ ਪਈ ਸੀ ਅਤੇ ਉਸ ਦੇ ਸਰੀਰ ਊੱਤੇ ਸੱਟਾਂ ਦੇ ਨਿਸ਼ਾਨ ਸਨ।
ਪਿੰਡ ਬੁੱਕਣਵਾਲਾ ਦੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਨਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਹੋਰ ਵੀ ਇਸ ਤਰ੍ਹਾਂ ਦੇ ਕੇਂਦਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਸਹੂਲਤਾਂ ਤੇ ਮਾਹਿਰ ਡਾਕਟਰਾਂ ਅਤੇ ਦਵਾਈਆਂ ਦਾ ਘਾਟ ਅਤੇ ਸਮਾਜਿਕ ਬਦਨਾਮੀ ਡਰੋਂ ਲੋਕ ਪ੍ਰਾਈਵੇਟ ਕੇਂਦਰਾਂ ਨੂੰ ਤਰਜੀਹ ਦਿੰਦੇ ਹਨ।