ਦਸਮੇਸ਼ ਕਾਲਜ ਵਿੱਚ ਵਿਰਾਸਤੀ ਮੇਲੇ ਦਾ ਰੰਗਾਰੰਗ ਆਗਾਜ਼
ਦਸਮੇਸ਼ ਗਰਲਜ਼ ਕਾਲਜ ਬਾਦਲ ਵਿੱਚ ਅੱਜ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ’ਚ ਚਾਰ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲੇ ਦਾ ਆਗਾਜ਼ ਹੋਇਆ। ਮੁੱਖ ਮਹਿਮਾਨ ਵਜੋਂ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਪਵਨਪ੍ਰੀਤ ਸਿੰਘ ‘ਬੌਬੀ ਬਾਦਲ’ ਨੇ ਮੇਲੇ ਦਾ ਉਦਘਾਟਨ ਕੀਤਾ। ਸਮਾਗਮ ਦੀ ਪ੍ਰਧਾਨਗੀ ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ਡੱਬਵਾਲੀ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ ਨੇ ਕੀਤੀ। ਇਸ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਡਾਇਰੈਕਟਰ ਸੁਖਜਿੰਦਰ ਸਿੰਘ ਰਿਸ਼ੀ, ਡਾ. ਤਜਿੰਦਰ ਸਿੰਘ ਗਿੱਲ, ਪ੍ਰਿੰਸੀਪਲ ਡਾ. ਵਨੀਤਾ ਗੁਪਤਾ, ਗੁਰਰਾਜ ਸਿੰਘ ਚਹਿਲ, ਬਿਕਰਮ ਸਿੰਘ ਭੁੱਲਰ, ਅਤੇ ਬਬਰੂ ਵਹੀਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਿਰਾਸਤੀ ਮੇਲੇ ਦੇ 31 ਕਾਲਜਾਂ ਦੇ ਵਿਦਿਆਰਥੀਆਂ ਦੇ ਢਾਈ ਹਜ਼ਾਰ ਵਿਦਿਆਰਥੀ ਹਿੱਸਾ ਲੈ ਰਹੇ ਹਨ।
‘ਬੌਬੀ ਬਾਦਲ’ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੇਂਡੂ ਖੇਤਰ ਵਿਚ ਲੜਕੀਆਂ ਦੀ ਵਿੱਦਿਆ ਲਈ ਸਥਾਪਿਤ ਦਸਮੇਸ਼ ਵਿਦਿਅਕ ਅਦਾਰਾ ਉਨ੍ਹਾਂ ਦੇ ਪ੍ਰੇਰਨਾਮਈ ਜੀਵਨ ਦੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਇਸ ਕਾਲਜ ਨੇ ਬਾਦਲ ਸਾਬ੍ਹ ਦੀ ਸਰਪ੍ਰਸਤੀ ਹੇਠ ਬਹੁਤ ਘੱਟ ਸਮੇਂ ਵਿੱਚ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਆਪਣੀ ਧਾਕ ਜਮਾਈ ਹੈ। ਪਵਨਪ੍ਰੀਤ ਸਿੰਘ ਬਾਦਲ ਨੇ ਨਵੀਂ ਪੀੜ੍ਹੀ ਨੂੰ ਸਫ਼ਲ ਜੀਵਨ ਲਈ ਮੋਬਾਈਲ ਫੋਨ ਨਾਲੋਂ ਕਿਤਾਬਾਂ ਪੜ੍ਹਨ ਦੀ ਆਦਤ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ। ਡਾ. ਗਿਰਧਾਰੀ ਲਾਲ ਗਰਗ ਨੇ ਕਿਹਾ ਕਿ ਦਸਮੇਸ਼ ਵਿਦਿਅਕ ਅਦਾਰੇ ਕਰਕੇ ਇਲਾਕੇ ਦੀ ਲੜਕੀਆਂ ਲਈ ਸਿਖਿਆ ਨੂੰ ਨਵੀਂ ਦਿਸ਼ਾ ਹਾਸਲ ਹੋ ਸਕੀ ਹੈ।
ਇਸ ਮੌਕੇ ਮੇਜ਼ਬਾਨ ਦਸਮੇਸ਼ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਐੱਸ ਐੱਸ ਸੰਘਾ ਨੇ ਸਮੂਹ ਮਹਿਮਾਨ ਅਤੇ ਪ੍ਰਤਿਭਾਗੀਆਂ ਸਾਰੇ ਦਾ ਸਵਾਗਤ ਕਰਦਿਆਂ ਕਾਲਜ ਦੇ ਬਾਨੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਸਟੇਜਾਂ ਦਾ ਸੰਚਾਲਨ ਉੱਪ ਪ੍ਰਿਸੀਪਲ ਇੰਦਰਾ ਪਾਹੂਜਾ, ਰਮਨ ਸਿੱਧੂ, ਓਂਕਾਰ ਸਿੰਘ, ਡਾ. ਜਗਸੀਰ ਕੌਰ ਤੇ ਹਰਪ੍ਰੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸਿਪਲ ਤਰਲੋਕ ਬੰਧੂ, ਸੇਵਾਮੁਕਤ ਡੀ ਈ ਓ ਐੱਸ ਐੱਸ ਤੂਰ, ਪ੍ਰਿੰਸੀਪਲ ਡਾ. ਸਿਮਰਜੀਤ ਕੌਰ ਬਰਾੜ, ਰਾਕੇਸ਼ ਧਵਨ, ਸੇਵਾਮੁਕਤ ਡੀਟੀਓ ਗੁਰਚਰਨ ਸਿੰਘ ਸੰਧੂ, ਅਤੇ ਸੱਤਪਾਲ ਮੋਹਲਾਂ ਮੌਜੂਦ ਸਨ।
ਸ਼ਬਦ ਗਾਇਨ ਮੁਕਾਬਲੇ ’ਚ ਜੀ ਐੱਨ ਕਾਲਜ ਜੇਤੂ
ਪਹਿਲੇ ਦਿਨ ਸ਼ਬਦ ਗਾਇਨ ਮੁਕਾਬਲੇ ਵਿੱਚ ਜੀ ਐੱਨ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ, ਦਸਮੇਸ਼ ਗਰਲਜ਼ ਕਾਲਜ ਬਾਦਲ ਦੂਜਾ ਅਤੇ ਗੋਪੀ ਚੰਦ ਆਰਿਆ ਕਾਲਜ ਅਬੋਹਰ ਤੀਜੇ ਸਥਾਨ ਪ੍ਰਾਪਤ ਕੀਤਾ। ਭਜਨ ਗਾਇਨ ਵਿੱਚ ਕ੍ਰਮਵਾਰ ਜੀ ਜੀ ਐੱਸ ਡੀ ਏ ਵੀ ਕਾਲਜ ਜਲਾਲਾਬਾਦ, ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਅਤੇ ਡੀ ਏ ਵੀ ਕਾਲਜ ਅਬੋਹਰ ਜੇਤੂ ਰਹੇ।
