ਮਾਨਸਾ ’ਚ ਸਿਨੇਮਾ ਬਾਰੇ ਵਰਕਸ਼ਾਪ ਕਰਵਾਈ
ਰੈਡੀਕਲ ਪੀਪਲਜ਼ ਫੋਰਮ ਪੰਜਾਬ ਦੇ ਸੱਦੇ ’ਤੇ ਇਥੇ ‘ਪ੍ਰਤੀਰੋਧ ਕਾ ਸਿਨੇਮਾ’ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਤਹਿਤ ਸਿਨੇਮਾ ਬਾਰੇ ਵਰਕਸ਼ਾਪ, ਫਲਸਤੀਨੀ ਫ਼ਿਲਮਾਂ ਤੇ ਮਿਊਜ਼ਿਕ ਬਾਰੇ ਇਹ ਪਹਿਲਾ ਸਮਾਗਮ ਸੀ। ਇਸ ਮੁਹਿੰਮ ਦੇ ਮੁਖੀ ਸੰਜੇ ਜੋਸ਼ੀ ਪਿਛਲੇ ਵੀਹ ਸਾਲ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਜਿਹੀਆਂ ਵਰਕਸ਼ਾਪਾਂ ਅਤੇ ਫ਼ਿਲਮ ਸ਼ੋਅ ਕਰਦੇ ਆ ਰਹੇ ਹਨ। ਉਨ੍ਹਾਂ ਦਰਸ਼ਕਾਂ ਨੂੰ ਫਿਲਮਾਂ ਦੀ ਸਕਰੀਨਿੰਗ ਤੇ ਸਿਨੇਮਾ ਦੀਆਂ ਬਾਰੀਕੀਆਂ ਜਾਣਕਾਰੀ ਦਿੱਤੀ। ਜੈਪੁਰ ਤੋਂ ਆਏ ਵਿਨੀਤ ਅਗਰਵਾਲ ਨੇ ਵਿਦੇਸ਼ਾਂ ਵਿੱਚ ਜਲਾਵਤਨੀ ਭੁਗਤ ਰਹੇ ਫਲਸਤੀਨੀ ਨਿਰਦੇਸ਼ਕਾਂ ਤੇ ਸੰਗੀਤਕਾਰਾਂ ਵੱਲੋਂ ਆਪਣੀ ਮਾਤ ਭਾਸ਼ਾ ਜਾਂ ਅੰਗਰੇਜ਼ੀ ਵਿੱਚ ਬਣਾਈਆਂ ਫਿਲਮਾਂ ਅਤੇ ਸੰਗੀਤ ਦੀਆਂ ਵੰਨਗੀਆਂ ਨੂੰ ਪਰਦੇ ਉਤੇ ਪੇਸ਼ ਕਰਦਿਆਂ ਉਨ੍ਹਾਂ ਦੇ ਪਿਛੋਕੜ ਬਾਰੇ ਚਾਨਣਾ ਪਾਇਆ। ਇਸ ਮੌਕੇ ‘ਨਵਾਰੂਣ’ ਪ੍ਰਕਾਸ਼ਨ ਗਾਜ਼ੀਆਬਾਦ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਅੰਮ੍ਰਿਤ ਬੰਗੇ ਤੇ ਜਗਦੇਵ ਭੁਪਾਲ ਨੇ ਦਰਸ਼ਕਾਂ ਨਾਲ ਇਨਕਲਾਬੀ ਗੀਤ ਸਾਂਝੇ ਕੀਤੇ। ਇਸ ਮੌਕੇ ਸ਼ਾਇਰ ਗੁਰਪ੍ਰੀਤ, ਰਾਜਵਿੰਦਰ ਮੀਰ, ਅਮੋਲਕ ਡੇਲੂਆਣਾ, ਜਸਬੀਰ ਕੌਰ ਨੱਤ, ਅਮਨਦੀਪ ਸੇਖੋਂ, ਜਸਪਾਲ ਮਾਨਖੇੜਾ, ਰਣਜੀਤ ਗੌਰਵ ਤੇ ਰਜਿੰਦਰ ਸਿਵੀਆ, ਬਲਵਿੰਦਰ ਚਾਹਲ ਤੇ ਬਲਵੰਤ ਪਟਵਾਰੀ, ਡਾ. ਜਸਬੀਰ ਸਿੰਘ ਔਲਖ ਤੇ ਹੋਰ ਸ਼ਾਮਲ ਸਨ।