ਘਰ ਨੂੰ ਨੁਕਸਾਨ ਤੋਂ ਦੁਖੀ ਔਰਤ ਟੈਂਕੀ ’ਤੇ ਚੜ੍ਹੀ
ਇਸ ਮੌਕੇ ਜਗਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 4-5 ਘਰਾਂ ਦੇ ਪਾਣੀ ਦੀ ਨਿਕਾਸੀ ਲਈ ਇੱਕ ਘਰ ਦੇ ਹੇਠੋਂ ਅੰਡਰ-ਗਰਾਊਂਡ ਪਾਈਪਾਂ ਪਾਈਆਂ ਹੋਈਆਂ ਹਨ। ਉਸ ਨੇ ਦੋਸ਼ ਲਾਇਆ ਕਿ ਬੀਤੇ ਸਮੇਂ ਤੋਂ ਇਸ ਘਰ ਦੇ ਮੈਂਬਰਾਂ ਨੇ ਇਨ੍ਹਾਂ ਨਿਕਾਸੀ ਪਾਈਪਾਂ ਨੂੰ ਬੰਦ ਕਰ ਦਿੱਤਾ ਪਰ ਇਸਦੇ ਬਾਵਜੂਦ ਉਹ ਜਿਉਂ ਤਿਉਂ ਡੰਗ ਟਪਾਉਂਦੇ ਰਹੇ, ਪਰ ਬੀਤੇ ਕੱਲ੍ਹ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਉਨ੍ਹਾਂ ਦੇ ਘਰਾਂ ਦੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਜਿਸ ਕਰਕੇ ਉਨ੍ਹਾਂ ਦਾ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਰ ਦੀਆਂ ਨੀਹਾਂ ਵਿੱਚ ਪਾਣੀ ਭਰ ਗਿਆ, ਕੰਧਾਂ ਵਿੱਚ ਤਰੇੜਾਂ ਆ ਗਈਆਂ ਅਤੇ ਘਰ ਬੈਠ ਗਿਆ ਹੈ। ਆਪਣੇ ਡਿੱਗ ਰਹੇ ਘਰ ਨੂੰ ਬਚਾਉਣ ਲਈ ਉਸਦੀ ਪਤਨੀ ਮਨਪ੍ਰੀਤ ਕੌਰ ਦੁਖ਼ੀ ਹੋ ਕੇ ਮੀਂਹ ਵਿੱਚ ਟੈਂਕੀ ਉਪਰ ਚੜ੍ਹਨ ਲਈ ਮਜਬੂਰ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਰੋਕਣ ਵਾਲੇ ਪਰਿਵਾਰ ਉਪਰ ਕਾਰਵਾਈ ਕਰ ਕੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਅਤੇ ਘਰ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇ।
ਘਟਨਾ ਸਥਾਨ ’ਤੇ ਐੱਸਡੀਐੱਮ ਜਗਰਾਜ ਸਿੰਘ ਕਾਹਲੋਂ, ਤਹਿਸੀਲਦਾਰ ਪਵਨ ਕੁਮਾਰ, ਮਾਲ ਵਿਭਾਗ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਸਮੇਤ ਪੁੱਜੇ ਅਤੇ ਨਿਕਾਸੀ ਬੰਦ ਕਰਨ ਵਾਲੇ ਨੂੰ ਘਰ ਨੂੰ ਖੁੱਲ੍ਹਵਾ ਕੇ ਬੰਦ ਕੀਤੀਆਂ ਪਾਈਪਾਂ ਨੂੰ ਖੁੱਲ੍ਹਵਾਇਆ। ਪੁਲੀਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਸਰਪੰਚ ਸੁਖਵਿੰਦਰ ਦਾਸ ਬਾਵਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਸਰਕਾਰ ਤੋਂ ਮੁਆਵਜ਼ਾ ਦਿਵਾਉਣ ਲਈ ਵੀ ਯਤਨ ਕੀਤੇ ਜਾਣਗੇ।