ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਹੱਕ ’ਚ ਖੜ੍ਹਾਂਗੇ: ਬੁਰਜਗਿੱਲ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਅਤੇ ਗ੍ਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਜੇਲ੍ਹ ਭੇਜਣ ਬਾਰੇ, ਜੋ ਨਵੇਂ ਫ਼ਰਮਾਨ ਜਾਰੀ ਕਰ ਕੇ ਚਿਤਾਵਨੀ ਦਿੱਤੀ ਹੈ, ਉਸ ਨਾਲ ਨਜਿੱਠਣ ਲਈ ਪਹਿਲੀ ਅਕਤੂਬਰ ਨੂੰ ਜਥੇਬੰਦੀ ਦੀ ਰਾਜ ਪੱਧਰੀ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਕਿਸਾਨਾਂ ਹਿੱਤਾਂ ਲਈ ਕੋਈ ਵਧੀਆ ਫੈਸਲਾ ਕੀਤਾ ਜਾਵੇਗਾ। ਉਹ ਅੱਜ ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਵਿਚ ਜਥੇਬੰਦੀ ਦੇ ਜ਼ਿਲ੍ਹਾ ਪੱਧਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 15ਵੀਂ ਬਰਸੀ ਨੂੰ ਉਸ ਦੇ ਜੱਦੀ ਪਿੰਡ ਚੱਕ ਅਲੀਸ਼ੇਰ ਵਿਖੇ 10 ਅਕਤੂਬਰ ਨੂੰ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਬਰਸੀ ਮਨਾਉਣ ਸਬੰਧੀ ਜਥੇਬੰਦਕ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਉਨ੍ਹਾਂ ਵੱਲੋਂ ਹੜ ਪੀੜਤਾਂ ਦੀ ਮਦੱਦ ਲਈ ਆਗੂਆਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਕਣਕ ਦੀ ਬਿਜਾਈ ਕਰਨ ਲਈ ਪਿੰਡਾਂ ਵਿੱਚੋਂ ਕਣਕ, ਬੀਜ, ਖਾਦਾਂ, ਡੀਜ਼ਲ, ਕੱਪੜੇ ਅਤੇ ਹੋਰ ਜ਼ਰੂਰੀ ਵਸਤਾਂ ਰਾਸ਼ਨ ਇੱਕਠੇ ਕੀਤੇ ਜਾਣ। ਇਸ ਮੌਕੇ ਇੰਦਰਪਾਲ ਸਿੰਘ,ਇਕਬਾਲ ਸਿੰਘ ਮਾਨਸਾ,ਲਛਮਣ ਸਿੰਘ ਚੱਕਅਲੀਸ਼ੇਰ, ਮਨਜੀਤ ਸਿੰਘ ਉੱਲਕ, ਰਾਜ ਸਿੰਘ ਅਕਲੀਆ, ਸ਼ਿੰਦਰਪਾਲ ਕੌਰ, ਕੁਲਵਿੰਦਰ ਕੌਰ, ਇਕਬਾਲ ਸਿੰਘ ਫਫੜੇ ਨੇ ਵੀ ਸੰਬੋਧਨ ਕੀਤਾ।