ਪੰਜਾਬ ਯੂਨੀਵਰਸਿਟੀ ਦਾ ਵਜੂਦ ਖ਼ਤਮ ਨਹੀਂ ਕਰਨ ਦਿਆਂਗੇ: ਕਾਲਾ ਢਿੱਲੋਂ
ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮਾਣਮੱਤੀ ਵਿਰਾਸਤ ਹੈ, ਜਿਸ ਦੇ ਵਜੂਦ ਨੂੰ ਖ਼ਤਮ ਕਰਨ ਜਾਂ ਇਸ ਵਿੱਚੋਂ ਪੰਜਾਬ ਨੂੰ ਮਨਫ਼ੀ ਕਰਨ ਦੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਹ ਗੱਲਾਂ ਕਾਂਗਰਸੀ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪਿੰਡ ਚੀਮਾ ਵਿੱਚ ਗੱਲਬਾਤ ਕਰਦਿਆਂ ਕਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਜੂਦ ਨੂੰ ਖ਼ਤਮ ਕਰਨ ਲਈ ਭਾਜਪਾ ਵੱਲੋਂ ਕੀਤਾ ਗਿਆ ਸਾਜ਼ਿਸ਼ੀ ਹਮਲਾ ਭਾਜਪਾ ਦੀ ਭਗਵਾਂਕਰਨ ਨੀਤੀ ਦਾ ਹਿੱਸਾ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀ ਪਿਆਰ ਨਾਲ ਮੰਗਿਆ ਤਾਂ ਜਾਨ ਵੀ ਦੇ ਦਿੰਦੇ ਹਨ, ਪਰ ਜੇਕਰ ਕੋਈ ਖੋਹਣ ਦੀ ਨੀਤੀ ’ਤੇ ਆਵੇ ਤਾਂ ਪੰਜਾਬੀ ਹਮੇਸ਼ਾ ਮੂੰਹ ਤੋੜ ਜਵਾਬ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਭਾਜਪਾ ਦੀ ਨੀਤੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵੰਡਣ ਦੀ ਹੈ ਪ੍ਰੰਤੂ ਇਨ੍ਹਾਂ ਨੀਤੀਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਮਾਮਲੇ ’ਚ ਸਪੱਸ਼ਟ ਹੋ ਗਿਆ ਹੈ ਕਿ ‘ਆਪ’, ਭਾਜਪਾ ਦਾ ਹੀ ਵਿੰਗ ਹੈ, ਜਿਸ ਨੂੰ ਭਾਜਪਾ ਪੰਜਾਬ ਦੇ ਮਾਮਲਿਆਂ ’ਚ ਆਪਣੀਆਂ ਨੀਤੀਆਂ ਦੇ ਹਿਸਾਬ ਨਾਲ ਵਰਤ ਰਹੀ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਣੇ ਸਾਰੇ ਆਗੂ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਜਦਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੋਂ ਲੈ ਕੇ ਆਪ ਦੀ ਸਮੁੱਚੀ ਹਾਈ ਕਮਾਂਡ ਯੂਨੀਵਰਸਿਟੀ ਦੇ ਮਾਮਲੇ ’ਤੇ ਚੁੱਪ ਹੈ। ਵਿਧਾਇਕ ਢਿੱਲੋਂ ਨੇ ਯੂਨੀਵਰਸਿਟੀ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਨ ਲਈ ਪੰਜਾਬ ਪੁਲੀਸ ਭੇਜਣ ਦੀ ਵੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਸੀਨੀਅਰ ਆਗੂ ਡਾ. ਗੁਰਪ੍ਰੀਤ ਸਿੰਘ ਚੀਮਾ ਅਤੇ ਡਾ. ਕਰਮਜੀਤ ਸਿੰਘ ਬੱਬੂ ਵੜੈਚ ਵੀ ਹਾਜ਼ਰ ਸਨ।
